ਮੋਗਾ, 2 ਅਗਸਤ ( ਜਸ਼ਨ ) : ਸਰੀਰ ਦੀਆਂ ਕੋਸ਼ਿਕਾਵਾਂ ਜਦੋਂ ਇੰਸੁਲਿਨ ਦਾ ਸਹੀ ਢੰਗ ਨਾਲ ਇਸਤੇਮਾਲ ਨਹੀਂ ਕਰ ਸਕਦੀਆਂ ਤਾਂ ਇਸ ਸਥਿਤੀ ਨੂੰ ਇੰਸੁਲਿਨ ਰੋਧ (ਇੰਸੁਲਿਨ ਰਜਿਸਟ੍ਰੈਂਸ) ਕਿਹਾ ਜਾਂਦਾ ਹੈ। ਇਹ ਇੱਕ ਖਾਮੋਸ਼ ਸਮੱਸਿਆ ਹੈ, ਜਿਸ ਕਾਰਨ ਖੂਨ ਵਿੱਚ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਟਾਈਪ-2 ਸ਼ੂਗਰ, ਫੈਟੀ ਲਿਵਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਹ ਜਾਣਕਾਰੀ ਸ਼ਾਮ ਨਰਸਿੰਗ ਹੋਮ ਦੇ ਐਮ.ਡੀ. ਡਾ. ਸੀਮਾਂਤ ਗਰਗ ਨੇ ਮੋਗਾ ਦੇ ਕਸ਼ਮੀਰੀ ਪਾਰਕ ਵਿੱਚ ਸ਼੍ਰੀ ਰਾਮ ਯੋਗ ਪਰਿਵਾਰ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਸ਼ੁਰੂਆਤੀ ਜਾਂਚ ਵਿੱਚ ਇੰਸੁਲਿਨ ਰੋਧ ਦਾ ਪਤਾ ਲੱਗ ਜਾਵੇ ਤਾਂ ਜੀਵਨਸ਼ੈਲੀ ਵਿੱਚ ਸੁਧਾਰ ਕਰਕੇ ਇਸ ਨੂੰ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਡਾ. ਗਰਗ ਨੇ ਦੱਸਿਆ ਕਿ ਇੰਸੁਲਿਨ ਅਗਨਾਸ਼ੇ ਵੱਲੋਂ ਬਣਾਇਆ ਜਾਣ ਵਾਲਾ ਇੱਕ ਹਾਰਮੋਨ ਹੈ, ਜੋ ਭੋਜਨ ਤੋਂ ਮਿਲਣ ਵਾਲੇ ਗਲੂਕੋਜ਼ ਨੂੰ ਕੋਸ਼ਿਕਾਵਾਂ ਤੱਕ ਪਹੁੰਚਾ ਕੇ ਊਰਜਾ ਵਿੱਚ ਬਦਲਣ ਦਾ ਕੰਮ ਕਰਦਾ ਹੈ। ਜਦੋਂ ਕੋਸ਼ਿਕਾਵਾਂ ਇੰਸੁਲਿਨ ਪ੍ਰਤੀ ਘੱਟ ਸੰਵੇਦਨਸ਼ੀਲ ਹੋ ਜਾਂਦੀਆਂ ਹਨ ਤਾਂ ਅਗਨਾਸ਼ੇ ਨੂੰ ਵੱਧ ਇੰਸੁਲਿਨ ਬਣਾਉਣੀ ਪੈਂਦੀ ਹੈ, ਤਾਂ ਜੋ ਖੂਨ ਵਿੱਚ ਸ਼ੂਗਰ ਦਾ ਪੱਧਰ ਸੰਤੁਲਿਤ ਰਹੇ। ਉਨ੍ਹਾਂ ਕਿਹਾ ਕਿ ਦੇਰ ਰਾਤ ਖਾਣਾ ਖਾਣਾ, ਵੱਧ ਕਾਰਬੋਹਾਈਡ੍ਰੇਟ ਵਾਲਾ ਭੋਜਨ, ਘੱਟ ਨੀਂਦ ਅਤੇ ਲਗਾਤਾਰ ਤਣਾਅ ਇੰਸੁਲਿਨ ਰੋਧ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਅਜਿਹੀਆਂ ਆਦਤਾਂ ਕਾਰਨ ਸਰੀਰ ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਬਜਾਏ ਚਰਬੀ ਦੇ ਰੂਪ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਮਾਸਪੇਸ਼ੀਆਂ ਦੀ ਇੰਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਘਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਕਾਰਨ ਥਕਾਵਟ, ਵਾਰ-ਵਾਰ ਭੁੱਖ ਲੱਗਣਾ, ਮਿੱਠਾ ਖਾਣ ਦੀ ਤੀਬਰ ਇੱਛਾ, ਖਾਣੇ ਤੋਂ ਬਾਅਦ ਸੁਸਤੀ, ਗਰਦਨ, ਬਗਲਾਂ ਜਾਂ ਕੂਹਣੀਆਂ ਦੀ ਚਮੜੀ ਕਾਲੀ ਪੈਣਾ, ਗਰਦਨ 'ਤੇ ਛੋਟੇ-ਛੋਟੇ ਮੱਸੇ ਨਿਕਲਣਾ, ਵਾਰ-ਵਾਰ ਪਿਸ਼ਾਬ ਆਉਣਾ ਅਤੇ ਧੁੰਦਲਾ ਦਿਖਾਈ ਦੇਣਾ ਆਦਿ ਇਸ ਦੇ ਸੰਕੇਤ ਹੋ ਸਕਦੇ ਹਨ। ਡਾ. ਗਰਗ ਨੇ ਕਿਹਾ ਕਿ ਇਸ ਤੋਂ ਬਚਾਅ ਲਈ ਸੰਤੁਲਿਤ ਆਹਾਰ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਅਤੇ ਫਾਈਬਰ ਵਾਲੀਆਂ ਖੁਰਾਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਸੈਰ, ਕਸਰਤ, ਸਾਈਕਲਿੰਗ ਅਤੇ ਯੋਗ ਕਰਨ ਨਾਲ ਇੰਸੁਲਿਨ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਡਾਕਟਰ ਇੰਸੁਲਿਨ ਥੈਰੇਪੀ ਸ਼ੁਰੂ ਕਰਨ ਦੀ ਸਲਾਹ ਦੇਣ ਤਾਂ ਉਸ ਨੂੰ ਨਿਯਮਿਤ ਤੌਰ 'ਤੇ ਲੈਣਾ ਚਾਹੀਦਾ ਹੈ। ਅੰਤ ਵਿੱਚ ਸ਼੍ਰੀ ਰਾਮ ਯੋਗ ਪਰਿਵਾਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡਾ. ਸੀਮਾਂਤ ਗਰਗ ਦਾ ਇੰਸੁਲਿਨ ਰੋਧ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਕੀਤਾ।
ਖ਼ਬਰਾਂ
ਇੰਸੁਲਿਨ ਰੋਧ ਇੱਕ ਖਾਮੋਸ਼ ਸਥਿਤੀ, ਸਮੇਂ ਸਿਰ ਪਛਾਣ ਅਤੇ ਜੀਵਨਸ਼ੈਲੀ ਵਿੱਚ ਸੁਧਾਰ ਨਾਲ ਕੀਤਾ ਜਾ ਸਕਦਾ ਹੈ ਕੰਟਰੋਲ: ਡਾ. ਸੀਮਾਂਤ ਗਰਗ
* *ਬਿਨਾਂ ਕਾਰਨ ਥਕਾਵਟ, ਪੇਟ ਦੇ ਆਲੇ-ਦੁਆਲੇ ਚਰਬੀ ਵਧਣਾ ਅਤੇ ਮਿੱਠਾ ਖਾਣ ਦੀ ਤੀਬਰ ਇੱਛਾ ਇਸ ਦੇ ਮੁੱਖ ਸੰਕੇਤ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



