ਮੋਗਾ ,16 ਸਤੰਬਰ (ਜਸ਼ਨ ) ਭਾਰਤ ਦੀ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਆਮ ਲੋਕਾਂ ਦੀ ਲੁਕਵੇਂ ਢੰਗ ਨਾਲ ਲੁੱਟ ਕਰਨ ਦਾ ਨਵਾਂ ਰਾਹ ਲੱਭ ਲਿਆ ਹੈ। ਅੱਜ ਅਖਬਾਰਾਂ ਰਾਹੀਂ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਯੂ ਪੀ ਆਈ ਰਾਹੀਂ ਕੀਤੇ ਜਾਣ ਵਾਲੇ ਭੁਗਤਾਨ ਤੇ ਚਾਰਜ ਲਾਉਣ ਜਾ ਰਹੀ ਹੈ। ਇਸ ਦਾ ਭਾਵੇਂ ਹਰ ਵਰਗ ਤੇ ਹੀ ਮਾੜਾ ਪ੍ਰਭਾਵ ਪੈਣ ਜਾ ਰਿਹਾ ਹੈ,ਪ੍ਰੰਤੂ ਕਿਰਤੀ ਲੋਕ ,ਛੋਟੇ ਦੁਕਾਨਦਾਰ ਅਤੇ ਰ੍ਹੇੜੀਆਂ, ਫੜੀਆਂ ਵਾਲੇ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। *"ਇੰਟਰਨੈਸ਼ਨਲ ਪੰਜਾਬੀ ਨਿਊਜ਼"* ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗੁਰ ਪ੍ਰੀਤਮ ਸਿੰਘ ਚੀਮਾਂ ,ਪ੍ਰਚਾਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਅੱਜ ਜਦੋਂ ਚੋਰ, ਉਚੱਕੇ, ਲੁਟੇਰੇ ਪੰਜਾਬ ਸਰਕਾਰ ਦੀ ਨਾ-ਕਾਬਲੀਅਤ ਸਦਕਾ ਬੇ-ਲਗਾਮ ਹੋ ਕੇ ਹਰ ਗਲੀ,ਮੋੜ ਤੇ ਲੁੱਟ ਖੋਹ ਕਰ ਰਹੇ ਹਨ। ਇਹਨਾਂ ਹਾਲਾਤਾਂ ਵਿੱਚ ਲੋਕ ਜੇਬਾਂ ਵਿੱਚ ਨਗਦੀ ਰਕਮਾਂ ਰੱਖਣ ਦੀ ਬਜਾਏ ਯੂ ਪੀ ਆਈ ਰਾਹੀਂ ਖਰੀਦੋ ਫਰੋਖਤ ਕਰਨ ਲੱਗ ਪਏ ਹਨ ,ਪ੍ਰੰਤੂ ਇਸ ਦੇ ਲਾਗੂ ਹੋ ਜਾਣ ਨਾਲ ਉਨ੍ਹਾਂ ਨੂੰ ਨਗਦੀ ਜੇਬਾਂ ਵਿੱਚ ਰੱਖਣ ਲਈ ਮਜਬੂਰ ਹੋਣਾ ਪਵੇਗਾ ਅਤੇ ਲੁੱਟਾਂ ਖੋਹਾਂ ਵਿਚ ਵਾਧਾ ਹੋਣ ਦਾ ਖਦਸ਼ਾ ਹੈ। ਉਹਨਾਂ ਹੋਰ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਦਸ ਅਤੇ ਵੀਹ ਦਾ ਨੋਟ ਮਾਰਕੀਟ ਵਿੱਚੋਂ ਗਾਇਬ ਹੋ ਚੁੱਕਾ ਹੈ ਜਾਂ ਬਹੁਤ ਘੱਟ ਹੈ, ਗਰੀਬ ਅਤੇ ਕਿਰਤੀ ਲੋਕਾਂ ਵੱਲੋਂ ਦਸਾਂ ਵੀਹਾਂ ਦੀ ਹੀ ਜਿਆਦਾ ਤੌਰ ਤੇ ਖਰੀਦੋ ਫਰੋਖਤ ਕੀਤੀ ਜਾਂਦੀ ਹੈ। ਇਸ ਲਈ ਗਰੀਬ ਅਤੇ ਕਿਰਤੀ ਲੋਕ ਛੋਟੀ ਕਰੰਸੀ ਨਾ ਮਿਲਣ ਕਰਕੇ ਖੱਜਲ ਖਵਾਰ ਹੋਣਗੇ , ਜਾਂ ਫਿਰ ਯੂ ਪੀ ਆਈ ਰਾਹੀ ਭੁਗਤਾਨ ਕਰਕੇ ਸਰਕਾਰ ਵੱਲੋਂ ਲਗਾਏ ਜਾ ਰਹੇ ਚਾਰਜ ਨਾਲ ਆਪਣੀ ਕਿਰਤ ਦੀ ਲੁੱਟ ਕਰਵਾਉਣ ਲਈ ਮਜਬੂਰ ਹੋਣਗੇ। ਇਸ ਲਈ ਕੇਂਦਰ ਸਰਕਾਰ ਨੂੰ ਇਹ ਲੁਕਵਾਂ ਟੈਕਸ ਲਾਉਣ ਤੋਂ ਪਹਿਲਾਂ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ।
ਖ਼ਬਰਾਂ
ਯੂ ਪੀ ਆਈ ਰਾਹੀਂ ਭੁਗਤਾਨ ਤੇ ਲਾਇਆ ਜਾ ਰਿਹਾ ਚਾਰਜ ਦੇਸ਼ ਵਾਸੀਆਂ ਤੇ ਲੁਕਵਾਂ ਟੈਕਸ -ਚੀਮਾਂ
* ਲੋਕ ਨਕਦੀ ਲੈਣ ਦੇਣ ਵਾਲ ਮੁੜਨ ਲੱਗੇ
16 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



