ਮੋਗਾ 31 ਅਕਤੂਬਰ (ਜਸ਼ਨ ) : 100 ਸਾਲ ਪਹਿਲਾਂ ਮੋਗਾ ਦੀ ਧਰਤੀ ਤੇ ਜਨਮੇ ਫਾਈਬਰ ਆਪਟਿਕਸ ਦੇ ਖੋਜੀ ਮਹਾਨ ਵਿਗਿਆਨੀ ਡਾ ਨਰਿੰਦਰ ਸਿੰਘ ਕਪਾਨੀ (ਪਦਮ ਵਿਭੂਸ਼ਣ) ਦਾ 100ਵਾਂ ਜਨਮ ਦਿਨ ਮੋਗਾ ਵਾਸੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਨ। ਇਸ ਸਬੰਧੀ ਸਿਵਲ ਸੁਸਾਇਟੀ ਮੋਗਾ ਅਤੇ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ 31 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਆਡੀਟੋਰੀਅਮ ਵਿੱਚ ਸਵੇਰੇ 11 ਵਜੇ ਸ਼ਤਾਬਦੀ ਜਨਮ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਸਕੂਲਾਂ ਕਾਲਜਾਂ ਤੋਂ 400 ਦੇ ਕਰੀਬ ਸਾਇੰਸ ਵਿਦਿਆਰਥੀ, ਵਿਸ਼ਾ ਮਾਹਿਰ, ਵਿਗਿਆਨੀ ਅਤੇ ਬੁੱਧੀਜੀਵੀ ਲੋਕ ਹਿੱਸਾ ਲੈਣਗੇ। ਇਸ ਤੋਂ ਇਲਾਵਾ ਨਰਿੰਦਰ ਕਪਾਨੀ ਦਾ ਮੋਗਾ ਤੋਂ ਨਾਨਕਾ ਪਰਿਵਾਰ ਪਹਿਲੀ ਵਾਰ ਲੋਕਾਂ ਸਾਹਮਣੇ ਆਵੇਗਾ ਤੇ ਆਪਣੇ ਦੋਹਤੇ ਦੇ 100ਵੇਂ ਜਨਮ ਦਿਨ ਸਮਾਗਮ ਦਾ ਹਿੱਸਾ ਬਣੇਗਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਡਾ ਕੁਲਦੀਪ ਸਿੰਘ ਗਿੱਲ, ਅਜੇ ਗੋਰਾ ਸੂਦ ਅਤੇ ਜਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਰਿੰਦਰ ਸਿੰਘ ਕਪਾਨੀ ਵੈਸੇ ਦੇਹਰਾਦੂਨ ਦੇ ਰਹਿਣ ਵਾਲੇ ਸਨ ਪਰ ਮੋਗੇ ਦੀ ਧਰਤੀ ਨੂੰ ਇਹ ਮਾਣ ਜਾਂਦਾ ਹੈ ਕਿ ਉਨ੍ਹਾਂ ਦਾ ਜਨਮ ਆਪਣੇ ਮੋਗਾ ਸਥਿਤ ਨਾਨਕੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਵੱਲੋਂ ਫਾਈਬਰ ਆਪਟਿਕਸ ਦੀ ਖੋਜ ਤੋਂ ਇਲਾਵਾ ਵੀ 100 ਤੋਂ ਵੱਧ ਹੋਰ ਖੋਜਾਂ ਕੀਤੀਆਂ ਹਨ ਜੋ ਉਨ੍ਹਾਂ ਦੇ ਨਾਮ ਤੇ ਪੇਟੈਂਟ ਹਨ। ਉਹਨਾਂ ਦੱਸਿਆ ਕਿ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੰਜਾਬ ਸਰਕਾਰ ਨੂੰ ਉਨ੍ਹਾਂ ਦਾ 100ਵਾਂ ਜਨਮ ਦਿਨ ਧੂਮਧਾਮ ਨਾਲ ਮਨਾਉਣ ਦੀ ਕੀਤੀ ਗਈ ਅਪੀਲ ਦੇ ਚੰਗੇ ਨਤੀਜੇ ਆਏ ਹਨ ਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਜਿਲਾ ਹੈਡਕੁਆਰਟਰ ਤੇ ਜਨਮ ਦਿਨ ਮਨਾਉਣ ਸਬੰਧੀ ਪ੍ਰੋਗਰਾਮ ਰੱਖੇ ਗਏ ਹਨ, ਜਿਸਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਮੋਗੇ ਦੇ ਬੱਸ ਸਟੈਂਡ ਦਾ ਨਾਮ ਨਰਿੰਦਰ ਕਪਾਨੀ ਦੇ ਨਾਮ ਤੇ ਰੱਖਣ, ਉਨ੍ਹਾਂ ਦਾ ਆਦਮਕੱਦ ਬੁੱਤ ਲਗਾਉਣ ਅਤੇ ਮੋਗਾ ਸ਼ਹਿਰ ਵਿੱਚ ਇੱਕ ਸਾਇੰਸ ਭਵਨ ਅਤੇ ਲਾਇਬ੍ਰੇਰੀ ਸਥਾਪਤ ਕਰਨ ਦੀ ਮੰਗ ਵੀ ਪੰਜਾਬ ਸਰਕਾਰ ਅੱਗੇ ਰੱਖੀ। ਇਹ ਸਮਾਗਮ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਦੀ ਅਗਵਾਈ ਵਿੱਚ ਹੋਵੇਗਾ, ਜਿਸ ਵਿੱਚ ਉਘੇ ਸਾਇੰਸਦਾਨ, ਖੋਜੀ, ਬੁੱਧੀਜੀਵੀ, ਵਿਦਿਆਰਥੀ ਅਤੇ ਆਮ ਸ਼ਹਿਰੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਇਸ ਮੌਕੇ ਉਕਤ ਤੋਂ ਇਲਾਵਾ ਬੀਬੀ ਸਰਬਜੀਤ ਕੌਰ, ਡਾ ਅਮ੍ਰਿਤਪਾਲ ਸੋਢੀ, ਡਾ ਪਵਨ ਥਾਪਰ, ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਕ੍ਰਿਸ਼ਨ ਸੂਦ, ਹਰਭਜਨ ਸਿੰਘ ਬਹੋਨਾ, ਪ੍ਰਗਟ ਸਿੰਘ ਗਿੱਲ ਬਾਗੀ, ਗੁਰਪ੍ਰੀਤ ਸਿੰਘ ਕੋਮਲ, ਦਿਆਲ ਸਿੰਘ, ਅਮਰਦੀਪ ਅਨੇਜਾ, ਪ੍ਰਿਤਪਾਲ ਸਿੰਘ ਗਿੱਲ, ਦਲਜੀਤ ਸਿੰਘ ਭੁੱਲਰ, ਕਿਰਪਾਲ ਸਿੰਘ ਅਤੇ ਕੰਵਲਜੀਤ ਸਿੰਘ ਮਹੇਸਰੀ ਆਦਿ ਹਾਜ਼ਰ ਸਨ।





