ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਬੇਰੁਜ਼ਗਾਰੀ ਸਮੇਤ ਹਰ ਦੁਸ਼ਵਾਰੀ ਦੀ ਜੜ੍ਹ ਨਸ਼ਾ, ਪਹਿਲਾਂ ਇਲਾਜ, ਫਿਰ ਹੁਨਰ ਸਿਖਲਾਈ ਤੇ ਮੁੜ-ਵਸੇਬਾ ਸਾਡੀ ਪਹਿਲ
ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ‘ਦਿ ਟ੍ਰਿਬਿਊਨ’, ‘ਦਿ ਇੰਡੀਅਨ ਐਕਸਪ੍ਰੈਸ’ ਅਤੇ ‘ਦਿ ਟਾਈਮਜ਼ ਆਫ਼ ਇੰਡੀਆ’ ਵਿੱਚ ਸਰਕਾਰੀ ਨੋਟਿਸ ਪ੍ਰਕਾਸ਼ਿਤ: 16 ਜ਼ਿਲ੍ਹਿਆਂ ’ਚ ਖੁੱਲ੍ਹਣਗੇ DDAC ਕੇਂਦਰ
ਮੋਗਾ,15 ਸਤੰਬਰ (ਜਸ਼ਨ ):
ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਕੱਢੀ ਜਾਣ ਵਾਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੋਈ ਸਿਆਸੀ ਲਾਹਾ ਲੈਣ ਦਾ ਪ੍ਰੋਗਰਾਮ ਨਹੀਂ, ਸਗੋਂ ਇਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੇ ਗਏ ਵੱਡੇ ਰੋਡਮੈਪ ਦਾ ਪਹਿਲਾ ਅਹਿਮ ਪੜਾਅ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਮੁਹਿੰਮ ਨੂੰ ਸਿਰਫ਼ ਇਸ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਕੋਲ ਪੰਜਾਬ ਦੀ ਇਸ ਸਭ ਤੋਂ ਵੱਡੀ ਤ੍ਰਾਸਦੀ ਦਾ ਕਦੇ ਕੋਈ ਠੋਸ ਅਤੇ ਵਿਗਿਆਨਕ ਹੱਲ ਨਹੀਂ ਸੀ।
ਡਾ. ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ, ਉਨ੍ਹਾਂ ਨੇ ਹਮੇਸ਼ਾ ਨਸ਼ਾ ਮੁਕਤੀ ਦੇ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ, ਪਰ ਕਿਉਂਕਿ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਕੋਈ ਸਕਾਰਾਤਮਕ ਸਾਂਝ ਜਾਂ ਤਾਲਮੇਲ ਨਹੀਂ ਸੀ, ਇਸ ਲਈ ਜ਼ਮੀਨੀ ਪੱਧਰ 'ਤੇ ਕਦੇ ਕੋਈ ਪੱਕਾ ਰੋਡਮੈਪ ਬਣ ਹੀ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ਼ ਚੋਣਾਂ ਜਿੱਤਣ ਤੱਕ ਸੀਮਤ ਨਹੀਂ ਹੈ। ਭਾਜਪਾ ਆਮ ਪਾਰਟੀਆਂ ਵਾਂਗ ਇਹ ਲਾਰਾ ਨਹੀਂ ਲਾ ਰਹੀ ਕਿ "ਪਹਿਲਾਂ ਸਾਡੀ ਸਰਕਾਰ ਬਣਾਓ, ਫਿਰ ਨਸ਼ਾ ਛੁਡਾਵਾਂਗੇ।" ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਦਰਦ ਨੂੰ ਸਮਝਦਿਆਂ ਸੂਬੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ ਜ਼ਮੀਨੀ ਕੰਮ ਸ਼ੁਰੂ ਕਰ ਦਿੱਤਾ ਹੈ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਦੀ ਰੈਲੀ ਦੌਰਾਨ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੀਤਾ ਗਿਆ ਵਾਅਦਾ ਅਤੇ ਗੋਆ ਪ੍ਰੈੱਸ ਕਾਨਫਰੰਸ ਵਿੱਚ ਦੁਹਰਾਇਆ ਗਿਆ ਸੰਕਲਪ "ਨਸ਼ਾਮੁਕਤ ਭਾਰਤ 2029 ਤੱਕ" ਹੁਣ ਜ਼ਮੀਨ 'ਤੇ ਉਤਰ ਚੁੱਕਾ ਹੈ। ਦੇਸ਼ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਅਖ਼ਬਾਰਾਂ ‘ਦਿ ਟ੍ਰਿਬਿਊਨ’ (The Tribune), ‘ਦਿ ਇੰਡੀਅਨ ਐਕਸਪ੍ਰੈਸ’ (The Indian Express) ਅਤੇ ‘ਦਿ ਟਾਈਮਜ਼ ਆਫ਼ ਇੰਡੀਆ’ (The Times of India) ਵਿੱਚ 30-31 ਅਗਸਤ ਨੂੰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਜਾਰੀ ਅਧਿਕਾਰਤ ਨੋਟਿਸ ਇਸ ਗੱਲ ਦਾ ਪੱਕਾ ਸਬੂਤ ਹੈ।
ਇਸ ਨੋਟਿਸ ਰਾਹੀਂ ਕੇਂਦਰ ਸਰਕਾਰ ਦੀ NAPDDR (ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ) ਸਕੀਮ ਤਹਿਤ ਪੰਜਾਬ ਦੇ 16 ਪ੍ਰਮੁੱਖ ਜ਼ਿਲ੍ਹਿਆਂ (ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਜਲੰਧਰ, ਮੁਕਤਸਰ ਸਾਹਿਬ, ਫ਼ਾਜ਼ਿਲਕਾ ਆਦਿ ਸ਼ਾਮਲ ਹਨ) ਵਿੱਚ ਵਿਸ਼ੇਸ਼ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ (DDAC - District De-Addiction Centres) ਸਥਾਪਤ ਕਰਨ ਦੀ ਪ੍ਰਕਿਰਿਆ ਵਿੱਢ ਦਿੱਤੀ ਗਈ ਹੈ, ਜਿਨ੍ਹਾਂ ਨੂੰ ਚਲਾਉਣ ਦਾ ਪੂਰਾ ਖ਼ਰਚਾ ਕੇਂਦਰ ਸਰਕਾਰ ਚੁੱਕੇਗੀ।
ਡਾ. ਹਰਜੋਤ ਕਮਲ ਨੇ ਮੈਡੀਕਲ ਅਤੇ ਪ੍ਰਸ਼ਾਸਕੀ ਪੱਖ ਰੱਖਦਿਆਂ ਕਿਹਾ ਕਿ ਅੱਜ ਪੰਜਾਬ ਦੀਆਂ ਜ਼ਿਆਦਾਤਰ ਦੁਸ਼ਵਾਰੀਆਂ ਅਤੇ ਅਲਾਮਤਾਂ—ਚਾਹੇ ਉਹ ਵਿਗੜ ਰਹੀ ਕਾਨੂੰਨ-ਵਿਵਸਥਾ ਹੋਵੇ, ਗੈਂਗਸਟਰਵਾਦ ਹੋਵੇ, ਘਰੇਲੂ ਕਲੇਸ਼ ਹੋਵੇ ਜਾਂ ਨੌਜਵਾਨਾਂ ਦੀ ਬੇਰੁਜ਼ਗਾਰੀ—ਉਨ੍ਹਾਂ ਸਾਰਿਆਂ ਦੀ ਜੜ੍ਹ ਨਸ਼ਾ ਹੀ ਹੈ। ਇਸ ਲਈ ਭਾਜਪਾ ਨੇ ਨਸ਼ੇ ਨੂੰ ਮੁੱਖ ਦੁਸ਼ਮਣ ਮੰਨ ਕੇ ਤਿੰਨ-ਪੜਾਵੀ ਮਾਡਲ ਲਾਗੂ ਕੀਤਾ ਹੈ:
* ਯਾਤਰਾ ਰਾਹੀਂ ਵਿਆਪਕ ਜਾਗਰੂਕਤਾ: ਪਿੰਡਾਂ-ਸ਼ਹਿਰਾਂ ਵਿੱਚ ਜਾ ਕੇ ਨੌਜਵਾਨਾਂ ਅਤੇ ਪਰਿਵਾਰਾਂ ਦਾ ਝਿਜਕ ਦੂਰ ਕਰਨਾ ਕਿ ਨਸ਼ਾ ਲਾਇਲਾਜ ਨਹੀਂ, ਇਹ ਇੱਕ ਬਿਮਾਰੀ ਹੈ ਜਿਸਦਾ ਇਲਾਜ ਸੰਭਵ ਹੈ।
* DDAC ਵਿੱਚ ਵਿਗਿਆਨਕ ਇਲਾਜ: ਹਰ ਜ਼ਿਲ੍ਹਾ ਕੇਂਦਰ ਵਿੱਚ ਮਾਹਿਰ ਡਾਕਟਰਾਂ, ਕੌਂਸਲਰਾਂ, ਆਧੁਨਿਕ ਡੀਟੌਕਸ ਵਾਰਡਾਂ ਵਿੱਚ ਦਾਖ਼ਲ ਕਰਕੇ ਅਤੇ ਮੁਫ਼ਤ ਦਵਾਈਆਂ ਨਾਲ ਮਰੀਜ਼ਾਂ ਦਾ ਉੱਚ-ਪੱਧਰੀ ਇਲਾਜ ਮੁਹੱਈਆ ਕਰਵਾਉਣਾ।
* ਕਿੱਤਾਮੁਖੀ ਟ੍ਰੇਨਿੰਗ ਤੇ ਮੁੜ-ਵਸੇਬਾ: ਨਸ਼ੇ ਤੋਂ ਮੁਕਤ ਹੋਏ ਨੌਜਵਾਨਾਂ ਨੂੰ ਸਕਿੱਲ ਟ੍ਰੇਨਿੰਗ ਦੇ ਕੇ ਰੁਜ਼ਗਾਰ ਯੋਗ ਬਣਾਉਣਾ ਅਤੇ ਲੰਬਾ ਸਮਾਂ ਨਿਗਰਾਨੀ (Aftercare) ਰੱਖਣਾ ਤਾਂ ਜੋ ਉਹ ਮੁੜ ਕੁਰਾਹੇ ਨਾ ਪੈਣ।
ਡਾ. ਹਰਜੋਤ ਕਮਲ ਨੇ ਸਮੂਹ ਪੰਜਾਬੀਆਂ ਨੂੰ ਭਾਵੁਕ ਅਤੇ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਇਹ 'ਨਸ਼ਾ ਮੁਕਤ ਪੰਜਾਬ ਯਾਤਰਾ' ਕੇਂਦਰ ਸਰਕਾਰ ਦੇ ਵੱਡੇ ਰੋਡਮੈਪ ਦਾ ਸਭ ਤੋਂ ਪਹਿਲਾ ਅਤੇ ਅਹਿਮ ਪੜਾਅ ਹੈ। ਉਨ੍ਹਾਂ ਕਿਹਾ, "ਆਓ, ਸਿਆਸੀ ਵਲਗਣਾਂ ਤੋਂ ਉੱਪਰ ਉੱਠ ਕੇ, ਆਪਣੇ ਘਰਾਂ ਵਿੱਚੋਂ ਬਾਹਰ ਨਿਕਲੀਏ, ਆਪਣੇ ਬੱਚਿਆਂ ਦੇ ਭਵਿੱਖ ਅਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਸ ਯਾਤਰਾ ਦਾ ਡਟਵਾਂ ਹਿੱਸਾ ਬਣੀਏ। ਅਸੀਂ ਭਾਰਤ ਦੀ ਭਾਜਪਾ ਸਰਕਾਰ ਨੂੰ ਇਹ ਸੁਨੇਹਾ ਦੇਣਾ ਹੈ ਕਿ ਪੰਜਾਬ ਜਾਗ ਪਿਆ ਹੈ, ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਚਾਹੁੰਦਾ ਹੈ ਅਤੇ ਪੂਰਾ ਪੰਜਾਬ ਕੇਂਦਰ ਦੇ ਇਸ ਪਵਿੱਤਰ ਮਿਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਦੋਂ ਪੰਜਾਬੀ ਇਸ ਯਾਤਰਾ ਨੂੰ ਭਰਵਾਂ ਹੁੰਗਾਰਾ ਦੇਣਗੇ, ਤਾਂ ਕੇਂਦਰ ਸਰਕਾਰ ਦਾ ਹੌਸਲਾ ਹੋਰ ਵਧੇਗਾ ਅਤੇ ਪੰਜਾਬ ਨੂੰ ਮੁੜ 'ਰੰਗਲਾ ਅਤੇ ਹੱਸਦਾ-ਵੱਸਦਾ ਪੰਜਾਬ' ਬਣਾਉਣ ਦੇ ਇਸ ਐਕਸ਼ਨ ਪਲੈਨ ਨੂੰ ਪੂਰੀ ਤਾਕਤ ਨਾਲ ਜ਼ਮੀਨ 'ਤੇ ਲਾਗੂ ਕੀਤਾ ਜਾ ਸਕੇਗਾ।"