ਨਿਹਾਲ ਸਿੰਘ ਵਾਲਾ, 25 ਅਕਤੂਬਰ (ਜਸ਼ਨ ) ਮੋਗਾ ਜ਼ਿਲੇ ਦੇ ਪਿੰਡ ਸਮਾਧ ਭਾਈ ਦੀ ਰਹਿਣ ਵਾਲੀ ਇੱਕ ਔਰਤ ਵੱਲੋਂ ਵਿਦੇਸ਼ ਜਾਣ ਦੀ ਚਾਹਤ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਆਪਣੇ ਤਿੰਨ ਵੱਖ-ਵੱਖ ਪਾਸਪੋਰਟ ਬਣਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦਾ ਖੁਲਾਸਾ ਉਸ ਦੇ ਆਪਣੇ ਪਤੀ ਵੱਲੋਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪਿੰਡ ਰਣਸੀਂਹ ਕਲਾਂ ਦੇ ਵਸਨੀਕ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2013 ਵਿਚ ਜਸਪ੍ਰੀਤ ਕੌਰ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਜਸਪ੍ਰੀਤ ਕੌਰ ਦਾ ਪਹਿਲਾ ਪਾਸਪੋਰਟ ਵਿਆਹ ਤੋਂ ਪਹਿਲਾਂ ਜਾਰੀ ਹੋਇਆ ਸੀ, ਜਿਸ ਦੀ ਮਿਆਦ 10 ਜੁਲਾਈ 2012 ਤੋਂ 9 ਜੁਲਾਈ 2022 ਤੱਕ ਸੀ। ਇਸ ਪਾਸਪੋਰਟ ਵਿਚ ਉਸ ਨੇ ਆਪਣੇ ਸਕੂਲ ਦੇ ਸਰਟੀਫਿਕੇਟ ਦੇ ਆਧਾਰ ’ਤੇ ਜਨਮ ਮਿਤੀ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਸ ਨੇ ਦੂਜਾ ਪਾਸਪੋਰਟ ਬਣਵਾ ਲਿਆ, ਜਿਸ ਦੀ ਮਿਆਦ 13 ਦਸੰਬਰ 2019 ਤੋਂ 12 ਦਸੰਬਰ 2029 ਤੱਕ ਹੈ। ਇਸ ਪਾਸਪੋਰਟ ਵਿਚ ਉਸ ਨੇ ਆਪਣੀ ਜਨਮ ਮਿਤੀ 27 ਜੁਲਾਈ 1991 ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਸ ਨੇ ਵਿਦੇਸ਼ ਵਿਚ ਰਹਿਣ ਲਈ ਆਪਣਾ ਤੀਜਾ ਪਾਸਪੋਰਟ ਵੀ ਬਣਵਾ ਲਿਆ, ਜਿਸ ਦੀ ਮਿਆਦ 21 ਸਤੰਬਰ 2021 ਤੋਂ 20 ਸਤੰਬਰ 2031 ਤੱਕ ਹੈ। ਉੱਥੇ ਹੀ ਮਨੀਲਾ, ਫਿਲੀਪੀਨਜ਼ ਵੱਲੋਂ ਜਾਰੀ ਦਸਤਾਵੇਜ਼ਾਂ ਵਿਚ ਉਸ ਦੀ ਜਨਮ ਮਿਤੀ 2 ਅਕਤੂਬਰ 1999 ਦਰਜ ਹੋਣ ਦੀ ਜਾਣਕਾਰੀ ਮਿਲੀ। ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਹੁਕਮਾਂ ’ਤੇ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. (ਆਈ.) ਮੋਗਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅਸਲ ਰਿਕਾਰਡ ਅਨੁਸਾਰ ਜਸਪ੍ਰੀਤ ਕੌਰ ਦੀ ਜਨਮ ਮਿਤੀ 7 ਅਪ੍ਰੈਲ 1995 ਹੈ। ਪੁਲਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਉਕਤ ਔਰਤ ਨੇ ਪਾਸਪੋਰਟ ਵਿਭਾਗ ਨੂੰ ਗਲਤ ਜਾਣਕਾਰੀ ਦੇ ਕੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਦਿਆਂ ਵੱਖ-ਵੱਖ ਪਾਸਪੋਰਟ ਹਾਸਲ ਕੀਤੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਔਰਤ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਚ ਪਾਸਪੋਰਟ ਐਕਟ, 1967 ਦੀ ਧਾਰਾ 12 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਔਰਤ ਵਿਦੇਸ਼ ਵਿਚ ਹੋਣ ਕਾਰਨ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਵਿਅਕਤੀ ਵੀ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।