ਮੋਗਾ, 25 ਅਕਤੂਬਰ ( ਲਛਮਣਜੀਤ ਸਿੰਘ ਪੁਰਬਾ ) ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ 64ਵੇਂ ਸ਼ਹੀਦੀ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਵਿਖੇ ਸਥਿਤ ਉਨ੍ਹਾਂ ਦੇ ਸਮਾਰਕ ’ਤੇ ਸੈਨਾ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਦੇਸ਼ ਦੀ ਰਾਖੀ ਲਈ ਸ਼ਹੀਦ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਬਹਾਦਰੀ, ਦੇਸ਼ਭਗਤੀ ਅਤੇ ਅਦੁੱਤੀ ਹੌਸਲੇ ਨੂੰ ਸਿਜਦਾ ਕੀਤਾ ਗਿਆ। ਸਮਾਗਮ ਦੌਰਾਨ ਮਿਸ ਹਰਸ਼ਿਤਾ ਸ਼ਰਮਾ ਵਿਸ਼ੇਸ਼ ਕਾਰਜ ਅਫ਼ਸਰ (ਸ਼ਹਿਰੀ ਵਿਕਾਸ), ਕੁਲਪ੍ਰੀਤ ਸਿੰਘ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ, ਸਤਵਿੰਦਰ ਪਾਲ ਰਣੀਕੇ ਐੱਸ.ਡੀ.ਐੱਮ., ਸਤਵੰਤ ਸਿੰਘ ਡੀ.ਐੱਸ.ਪੀ. ਮੋਗਾ ਸਮੇਤ ਸੈਨਾ ਦੇ ਅਧਿਕਾਰੀਆਂ, ਸਾਬਕਾ ਸੈਨਿਕਾਂ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਹੀਦ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। 7 ਇਨਫੈਂਟਰੀ ਡਿਵੀਜ਼ਨ ਦੀ ਅਗਵਾਈ ਹੇਠ 197 ਫੀਲਡ ਰੈਜੀਮੈਂਟ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਪੁੱਤਰੀ ਸ੍ਰੀਮਤੀ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਜਵਾਈ ਸਬ-ਇੰਸਪੈਕਟਰ ਸੁਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮਿਸ ਹਰਸ਼ਿਤਾ ਸ਼ਰਮਾ ਵੱਲੋਂ ਸ੍ਰੀਮਤੀ ਕੁਲਵੰਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮੋਗਾ ਵੱਲੋਂ 17 ਗ਼ੈਰ-ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈੱਕ ਪ੍ਰਦਾਨ ਕੀਤੇ ਗਏ। ਇਹ ਚੈੱਕ ਮਿਸ ਹਰਸ਼ਿਤਾ ਸ਼ਰਮਾ, ਕੁਲਪ੍ਰੀਤ ਸਿੰਘ, ਸਤਵੰਤ ਸਿੰਘ ਅਤੇ ਸਾਬਕਾ ਸੈਨਿਕ ਅਧਿਕਾਰੀਆਂ ਵੱਲੋਂ ਲਾਭਪਾਤਰੀਆਂ ਨੂੰ ਸੌਂਪੇ ਗਏ। ਸਮਾਗਮ ਵਿੱਚ ਕੈਪਟਨ ਸੂਰਜ ਪਾਟਿਲ, 7 ਇਨਫੈਂਟਰੀ ਡਿਵੀਜ਼ਨ, ਸੂਬੇਦਾਰ ਹਰਕੇਸ਼ ਸਿੰਘ, 7 ਅਟਲਰੀ ਬ੍ਰਿਗੇਡ, ਲੈਫਟੀਨੈਂਟ ਕਰਨਲ ਡਾ. ਸੁਖਮੀਤ ਮਨਿਹਾਸ (ਸੇਵਾਮੁਕਤ), ਮੀਤ ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਮੋਗਾ ਲੈਫਟੀਨੈਂਟ ਕਰਨਲ ਬਾਬੂ ਸਿੰਘ (ਸੇਵਾਮੁਕਤ), ਮੇਜਰ ਪ੍ਰਦੀਪ ਕੁਮਾਰ (ਸੇਵਾਮੁਕਤ), ਕੈਪਟਨ ਰਾਜ ਕੁਮਾਰ ਰਿਸ਼ੀ (ਸੇਵਾਮੁਕਤ), ਸੂਬੇਦਾਰ ਵਿਜੇ ਕੁਮਾਰ (ਸੇਵਾਮੁਕਤ) ਅਤੇ ਲੈਫਟੀਨੈਂਟ ਕਰਨਲ ਭੁਪਿੰਦਰ ਭੋਲਾ (ਸੇਵਾਮੁਕਤ) ਸਮੇਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਮੂਹ ਸਟਾਫ਼, ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਵੀਰ ਨਾਰੀਆਂ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਮਿਸ ਹਰਸ਼ਿਤਾ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦਾ ਜਨਮ ਅਤੇ ਸਬੰਧ ਜ਼ਿਲ੍ਹਾ ਮੋਗਾ ਦੇ ਪਿੰਡ ਮਾਹਲਾ ਕਲਾਂ ਨਾਲ ਸੀ। ਉਹ ਪਹਿਲੀ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਅਤੇ 1962 ਦੀ ਭਾਰਤ-ਚੀਨ ਜੰਗ ਦੌਰਾਨ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸ਼ਹੀਦ ਹੋ ਗਏ। 23 ਅਕਤੂਬਰ 1962 ਨੂੰ ਸਵੇਰੇ ਲਗਭਗ 5:30 ਵਜੇ ਚੀਨੀ ਫ਼ੌਜ ਨੇ ਨੇਫ਼ਾ ਦੇ ਸੈਕਟਰ ਵਿੱਚ ਤੌਂਗਪੈਂਗ ਲਾ ਚੌਕੀ ’ਤੇ ਹਮਲਾ ਕਰ ਦਿੱਤਾ। ਇਸ ਚੌਕੀ ਦੀ ਰੱਖਿਆ ਦੀ ਜ਼ਿੰਮੇਵਾਰੀ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਟਨ ਨੂੰ ਸੌਂਪੀ ਗਈ ਸੀ। ਦੁਸ਼ਮਣ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਸਾਥੀ ਜਵਾਨਾਂ ਨਾਲ ਮਿਲ ਕੇ ਦੁਸ਼ਮਣ ਦੇ ਪਹਿਲੇ ਦੋ ਹਮਲਿਆਂ ਨੂੰ ਨਾਕਾਮ ਕਰ ਦਿੱਤਾ।