
ਕੋਟ ਈਸੇ ਖਾਂ,12 ਜੂਨ (ਜਸ਼ਨ ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਮੋਗਾ ਦੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਵਲੋਂ ਨਸ਼ਾ ਤਸਕਰੀ ਖਿਲਾਫ ਵਿੱਢੀ ਮੁਹਿੰਮ ਤਹਿਤ ਕੋਟ ਈਸੇ ਖਾਂ ਪੁਲਿਸ ਨੇ ਵੱਡੀ ਪ੍ਰਾਪਤੀ ਕੀਤੀ ਜਦੋਂ ਇੰਸਪੈਕਟਰ ਸੁਨੀਤਾ ਰਾਣੀ ਐੱਸ ਐਚ ਓ ਕੋਟ ਈਸੇ ਖਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਦੋ ਨੌਜਵਾਨਾਂ ਨੂੰ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਉਹਨਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ । ਡੀ ਐੱਸ ਪੀ ਗੁਰਪ੍ਰੀਤ ਸਿੰਘ ਸਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਤਸਕਰ ਕੋਟ ਈਸੇ ਖਾਂ ਮੰਡੀ ਵਿਚ ਗਾਹਕਾਂ ਦੀ ਇੰਤਜ਼ਾਰ ਕਰ ਰਹੇ ਸਨ। ਕੋਟ ਈਸੇ ਗ੍ਰਿਫਤਾਰ ਨਸ਼ਾ ਤਸਕਰ ਸੋਨੂੰ ਅਤੇ ਗੁਰਪ੍ਰੀਤ ਸਿੰਘ ਵਾਸੀ ਵਾਸਵਾਲਾ ਜੱਟਾਂ ਜ਼ਿਲ੍ਹਾ ਫਿਰੋਜ਼ਪੁਰ 'ਤੇ ਮੱਖੂ ਵਿਖੇ ਪਹਿਲਾਂ ਵੀ ਮਾਮਲੇ ਦਰਜ ਨੇ। ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਿਲ ਕਰਕੇ ਹੈਰੋਇਨ ਦੇ ਸਰੋਤ ਅਤੇ ਸਪਲਾਈ ਚੇਨ ਬਾਰੇ ਡੂੰਘੀ ਪੜਤਾਲ ਕੀਤੀ ਜਾਵੇਗੀ ।
ਜ਼ਿਕਰਯੋਗ ਹੈ ਕਿ ਪਿੱਛਲੀਆਂ ਪ੍ਰੈਸ ਕਾਨਫਰੰਸਾਂ ਦੌਰਾਨ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਤਹਿਤ ਸਖ਼ਤ ਕਾਰਵਾਈ ਜਾਰੀ ਰੱਖੇਗੀ।

ਇਹ ਵੀ ਜ਼ਿਕਰਯੋਗ ਹੈ ਕਿ ਇੰਸਪੈਕਟਰ ਸੁਨੀਤਾ ਰਾਣੀ ਐੱਸ. ਐਚ. ਓ. ਕੋਟ ਈਸੇ ਖਾਂ ਨੇ ਪਿਛਲੇ ਦਿਨੀਂ ਦੋ ਨਸ਼ਾ ਤਸਕਰਾਂ ਨੂੰ 1 ਕਿਲੋ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ।





