ਮੋਗਾ,27 ਜੁਲਾਈ (ਜਸ਼ਨ )
ਮਾਲਵੇ ਦੇ ਪ੍ਰਸਿੱਧ ਇਤਿਹਾਸਕ ਅਤੇ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ, ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਭਗਤ ਰਵੀਦਾਸ ਜੀ ਸੇਵਾ ਸੋਸਾਇਟੀ ਬੱਸੀਆਂ ਦੇ ਨੌਜਵਾਨਾ ਵੱਲੋਂ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ ਨੂੰ ਸਨਮਾਨ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ਵਾਲਿਆਂ ਵੱਲੋਂ ਸੋਸਾਇਟੀ ਦੇ ਸੇਵਾਦਾਰਾਂ ਨੂੰ ਟਰਾਫੀਆਂ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਭਗਤ ਰਵੀਦਾਸ ਜੀ ਸੇਵਾ ਸੋਸਾਇਟੀ ਬੱਸੀਆਂ ਦੇ ਸੇਵਾਦਾਰ ਲੰਬੇ ਸਮੇਂ ਤੋਂ ਹਰ ਹਫ਼ਤੇ ਗੁਰਦੁਆਰਾ ਸਾਹਿਬ ਵਿਖੇ ਪੂਰੀ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਝਾੜੂ ਲਗਾਉਣ, ਸਫ਼ਾਈ ਕਰਨ ਅਤੇ ਹੋਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਇਸ ਨਿਰੰਤਰ ਅਤੇ ਨਿਸ਼ਕਾਮ ਸੇਵਾ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ
ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸੇਵਾ ਹੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਧਰਮ ਹੈ। ਜਿਹੜਾ ਵਿਅਕਤੀ ਬਿਨਾਂ ਕਿਸੇ ਲਾਲਚ, ਪ੍ਰਸਿੱਧੀ ਜਾਂ ਸਵਾਰਥ ਦੇ ਗੁਰੂ ਘਰ ਅਤੇ ਮਨੁੱਖਤਾ ਦੀ ਸੇਵਾ ਕਰਦਾ ਹੈ, ਉਹ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਦਾ ਹੱਕਦਾਰ ਬਣਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਕਿਰਤ, ਨਾਮ ਅਤੇ ਵੰਡ ਛਕਣ ਦੇ ਨਾਲ-ਨਾਲ ਨਿਮਰਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ ਹੈ, ਜਿਸ ਨੂੰ ਹਰ ਸਿੱਖ ਅਤੇ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਸੇਵਾ ਸੋਸਾਇਟੀ ਬੱਸੀਆਂ ਦੇ ਸੇਵਾਦਾਰ ਬਿਨਾਂ ਕਿਸੇ ਦਿਖਾਵੇ ਦੇ ਗੁਰੂ ਘਰ ਦੀ ਸੇਵਾ ਕਰ ਰਹੇ ਹਨ, ਜੋ ਅੱਜ ਦੇ ਸਮਾਜ ਲਈ ਇੱਕ ਮਿਸਾਲ ਹੈ। ਅਜਿਹੇ ਸੇਵਾਦਾਰਾਂ ਦਾ ਸਨਮਾਨ ਕਰਨਾ ਕੇਵਲ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਹੀ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਸੇਵਾ ਦੇ ਮਾਰਗ ਨਾਲ ਜੋੜਨ ਦਾ ਇੱਕ ਉਪਰਾਲਾ ਵੀ ਹੈ। ਬਾਬਾ ਜੀ ਨੇ ਕਿਹਾ ਕਿ ਉਨਾਂ ਵੱਲੋਂ ਜਲਦੀ ਹੀ ਹੋਰ ਵੱਖ ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਜੋ ਐਤਵਾਰ ਨੂੰ ਸੇਵਾ ਕਰਦੇ ਹਨ ਉਹਨਾਂ ਦਾ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।
ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਿਹਲੇ ਸਮੇਂ ਦਾ ਕੁਝ ਹਿੱਸਾ ਗੁਰੂ ਘਰ, ਸਮਾਜ ਅਤੇ ਲੋੜਵੰਦ ਲੋਕਾਂ ਦੀ ਸੇਵਾ ਲਈ ਜ਼ਰੂਰ ਸਮਰਪਿਤ ਕਰਨ। ਉਨ੍ਹਾਂ ਕਿਹਾ ਕਿ ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ, ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਅਤੇ ਸਮਾਜ ਵਿੱਚ ਪਿਆਰ ਅਤੇ ਏਕਤਾ ਦਾ ਮਾਹੌਲ ਬਣਦਾ ਹੈ।
ਸਨਮਾਨ ਪ੍ਰਾਪਤ ਕਰਨ ਉਪਰੰਤ ਭਗਤ ਰਵੀਦਾਸ ਜੀ ਸੇਵਾ ਸੋਸਾਇਟੀ ਬੱਸੀਆਂ ਦੇ ਸੇਵਾਦਾਰ
ਡਾਕਟਰ ਰੂਪ ਸਿੰਘ ਬੱਸੀਆਂ, ਬਲਵੰਤ ਸਿੰਘ ਕੁਲਵੰਤ ਸਿੰਘ ਸਤਪਾਲ ਸਿੰਘ, ਪ੍ਰਭਜੋਤ ਸਿੰਘ ਲਵਪ੍ਰੀਤ ਸਿੰਘ, ਰਾਮ ਸਿੰਘ ਅਵਤਾਰ ਸਿੰਘ, ਅਭੀਜੋਤ ਸਿੰਘ, ਗੁਰਵੀਰ ਸਿੰਘ ਨੈਤਿਕ, ਗੁਰਦੀਪ ਸਿੰਘ, ਕੁਲਵੰਤ ਸਿੰਘ, ਸੁਖਮਨਪ੍ਰੀਤ ਸਿੰਘ ਹੁਸਨਦੀਪ ਸਿੰਘ ਪ੍ਰਿਤਪਾਲ ਸਿੰਘ ਤਰਸੇਮ ਸਿੰਘ ਸਹਿਜ ਨੂਰ ਸਿੰਘ ਨੇ ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਧ ਸ਼ਰਧਾ ਅਤੇ ਸਮਰਪਣ ਨਾਲ ਗੁਰੂ ਘਰ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਸੇਵਾ ਕਰਦੇ ਰਹਿਣਗੇ ਅਤੇ ਹੋਰਨਾਂ ਨੂੰ ਵੀ ਸੇਵਾ ਦੇ ਇਸ ਪਵਿੱਤਰ ਕਾਰਜ ਨਾਲ ਜੋੜਨ ਦਾ ਯਤਨ ਕਰਨਗੇ।
ਸਮਾਗਮ ਦੇ ਅੰਤ ਵਿੱਚ ਸੰਗਤ ਵੱਲੋਂ ਸੇਵਾਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਅਰਦਾਸ ਕੀਤੀ ਗਈ ਕਿ ਗੁਰੂ ਸਾਹਿਬ ਸਭ ਨੂੰ ਨਿਸ਼ਕਾਮ ਸੇਵਾ, ਨਿਮਰਤਾ ਅਤੇ ਮਨੁੱਖਤਾ ਦੀ ਭਲਾਈ ਦੇ ਮਾਰਗ 'ਤੇ ਚੱਲਣ ਦੀ ਤਾਕਤ ਬਖ਼ਸ਼ਣ।