ਕੋਟ ਈਸੇ ਖਾਂ,6 ਅਗਸਤ ( ਜਸ਼ਨ ) ਅਮਰ ਸ਼ਹੀਦ ਧੰਨ-ਧੰਨ ਬਾਬਾ ਮੋਤੀ ਰਾਮ ਮਹਿਰਾ ਫਾਊਂਡੇਸ਼ਨ, ਬਰਾੜ ਆਈ ਹਸਪਤਾਲ ਕੋਟਕਪੂਰਾ ਅਤੇ ਧੰਨ-ਧੰਨ ਬਾਬਾ ਨੰਦ ਸਿੰਘ ਸੇਵਾ ਸੋਸਾਇਟੀ ਦੇ ਸਾਂਝੇ ਸਹਿਯੋਗ ਨਾਲ ਪਿੰਡ ਲੋਹਾਰਾ ਵਿਖੇ ਗੁਰਦੁਆਰਾ ਧੰਨ-ਧੰਨ ਬਾਬਾ ਨੰਦ ਸਿੰਘ ਜੀ ਵਿਖੇ ਤੀਸਰਾ ਮੁਫ਼ਤ ਅੱਖਾਂ ਦਾ ਵਿਸ਼ਾਲ ਜਾਂਚ ਕੈਂਪ ਲਗਾਇਆ ਗਿਆ। ਇਹ ਲੋਕ ਭਲਾਈ ਦਾ ਉਪਰਾਲਾ ਪ੍ਰਸਿੱਧ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਦੀਪ ਕੰਵਲ ਮਹਿਰਾ ਦੇ ਯਤਨਾਂ ਸਦਕਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਕਰੀਬ 270 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਕੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਪ੍ਰਾਪਤ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਦੀਪ ਕੰਵਲ ਮਹਿਰਾ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸੱਚੀ ਇਨਸਾਨੀਅਤ ਹੈ ਅਤੇ ਇਸੇ ਮੰਤਵ ਨਾਲ ਲੋਕ ਭਲਾਈ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ।ਉਨ੍ਹਾਂ ਕਿਹਾ ਕਿ ਅੱਖਾਂ ਰੱਬ ਦੀ ਅਨਮੋਲ ਦਾਤ ਹਨ ਅਤੇ ਸਮੇਂ-ਸਮੇਂ 'ਤੇ ਅੱਖਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਾਊਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਅਤੇ ਸਮਾਜ ਭਲਾਈ ਦੇ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ।
ਸਰਪੰਚ ਪਰਮਪਾਲ ਸਿੰਘ ਬੁੱਟਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਫ਼ਤ ਅੱਖਾਂ ਦੇ ਕੈਂਪ ਲਗਾਉਣਾ ਮਨੁੱਖਤਾ ਦੀ ਸੱਚੀ ਸੇਵਾ ਹੈ।
ਧੰਨ-ਧੰਨ ਬਾਬਾ ਨੰਦ ਸਿੰਘ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਨੇ ਕੈਂਪ ਨੂੰ ਸਫ਼ਲ ਬਣਾਉਣ ਲਈ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਬਾਬਾ ਜਸਵੀਰ ਸਿੰਘ ਲੋਹਾਰਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੀਪ ਕੰਵਲ ਮਹਿਰਾ ਪਹਿਲਾਂ ਵੀ ਕਈ ਲੋਕ ਭਲਾਈ ਦੇ ਕਾਰਜ ਕਰ ਚੁੱਕੇ ਹਨ ਅਤੇ ਉਸੇ ਲੜੀ ਤਹਿਤ ਅੱਜ ਪਿੰਡ ਲੋਹਾਰਾ ਵਿੱਚ ਇਹ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਧੰਨ ਧੰਨ ਬਾਬਾ ਨੰਦ ਸਿੰਘ ਸੋਸਾਇਟੀ ਵੱਲੋਂ ਕੈਂਪ ਵਿੱਚ ਆਏ ਮਰੀਜ਼ਾਂ ਅਤੇ ਸੰਗਤਾਂ ਲਈ ਲੰਗਰ ਦੀ ਸੇਵਾ ਵੀ ਨਿਭਾਈ ਗਈ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਅਜਿਹੇ ਸੇਵਾ ਕਾਰਜਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹੰਤ ਚਰਨਜੀਤ ਸਿੰਘ, ਡੇਰਾ ਸਵਾਮੀ ਕਾਸ਼ੀਪੁਰਾ ਨਿਰਮਲਾ ਆਸ਼ਰਮ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਦੀਪ ਕੰਵਲ ਮਹਿਰਾ ਅਤੇ ਉਨ੍ਹਾਂ ਦੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਸੇਵਾ ਕੈਂਪ ਸਮਾਜ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਹਰ ਸਮਰੱਥ ਵਿਅਕਤੀ ਨੂੰ ਅਜਿਹੀਆਂ ਮੁਹਿੰਮਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਕੈਂਪ ਦੌਰਾਨ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਮਾਹਿਰ ਡਾਕਟਰੀ ਟੀਮ ਵੱਲੋਂ ਕਰੀਬ 270 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਜਾਂਚ ਉਪਰੰਤ 30 ਤੋਂ 35 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਲਈ ਚੁਣਿਆ ਗਿਆ, ਜਿਨ੍ਹਾਂ ਦੇ ਆਪ੍ਰੇਸ਼ਨ ਬਰਾੜ ਆਈ ਹਸਪਤਾਲ ਕੋਟਕਪੂਰਾ ਵਿਖੇ ਮੁਫ਼ਤ ਕੀਤੇ ਜਾਣਗੇ।
ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੂੰ ਅਮਰ ਸ਼ਹੀਦ ਧੰਨ-ਧੰਨ ਬਾਬਾ ਮੋਤੀ ਰਾਮ ਮਹਿਰਾ ਫਾਊਂਡੇਸ਼ਨ ਅਤੇ ਧੰਨ-ਧੰਨ ਬਾਬਾ ਨੰਦ ਸਿੰਘ ਸੇਵਾ ਸੋਸਾਇਟੀ ਵੱਲੋਂ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਮਨਜੀਤ ਸਿੰਘ, ਜਗਰਾਜ ਸਿੰਘ ਗਿੱਲ ਪ੍ਰਧਾਨ ਪ੍ਰੈਸ ਕਲੱਬ ਕੋਟ ਈਸੇ ਖਾਂ ਰਜਿ ਮੋਗਾ, ਲਵਲੀ ਸੰਧੂ ਪੱਤਰਕਾਰ ਜੱਗਬਾਣੀ,ਮਹੰਤ ਚਰਨਜੀਤ ਸਿੰਘ, ਪ੍ਰਧਾਨ ਜਗਜੀਤ ਸਿੰਘ ਖਹਿਰਾ, ਬੀਬੀ ਰਾਜਵਿੰਦਰ ਕੌਰ ਸਿਆਲ (ਸੀਨੀਅਰ ਆਗੂ ਫਿਰੋਜ਼ਪੁਰ ਦਿਹਾਤੀ), ਨਿਰਮਲ ਸਿੰਘ ਮੀਨੀਆ ਪ੍ਰਧਾਨ, ਸਰਬਜੀਤ ਸਿੰਘ ਗਗੜਾ, ਕੁਲਦੀਪ ਸਿੰਘ ਗਿੱਲ ਨੈਸਲੇ,ਸਤਨਾਮ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪਤਲੀ, ਬਖਸ਼ੀਸ਼ ਸਿੰਘ ਖੋਖਰ ਗਗੜਾ, ਸੁਖਮੰਦਰ ਸਿੰਘ, ਸੇਵਾਦਾਰ ਬਲਕਾਰ ਸਿੰਘ ਜੌਹਲ, ਸਤਨਾਮ ਸਿੰਘ, ਸੁਰਜੀਤ ਸਿੰਘ, ਰਮਜ਼ਾਨ ਖ਼ਾਨ,ਚਾਹਤ ਸ਼ਰਮਾ,ਅਮਨ ਗਿੱਲ ਮੁੰਦਕੀ, ਬਲਦੇਵ ਸਿੰਘ, ਬੂਟਾ ਸਿੰਘ, ਗੁਰਮੀਤ ਸਿੰਘ, ਮੇਲਾ ਸਿੰਘ, ਸ਼ਨੀ ਸਿੰਘ ਸਮੇਤ ਧੰਨ-ਧੰਨ ਬਾਬਾ ਨੰਦ ਸਿੰਘ ਸੇਵਾ ਸੋਸਾਇਟੀ ਦੇ ਸਮੂਹ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।





