ਸਾਨ ਫਰਾਂਸਿਸਕੋ,ਅਮੈਰਿਕਾ ,10 ਸਤੰਬਰ (ਐਸ ਅਸ਼ੋਕ ਭੌਰਾ)-ਉੱਘੇ ਸਮਾਜ ਸੇਵੀ ਅਤੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਮੁਖੀ ਡਾ. ਐਸ. ਪੀ. ਸਿੰਘ ਉਬਰਾਏ ਦਾ ਕੈਲੀਫੋਰਨੀਆਂ,ਨਿਊਯਾਰਕ,ਮੈਰੀਲੈਂਡ ਸਮੇਤ ਵੱਖ ਵੱਖ ਸੂਬਿਆਂ ਵਿੱਚ ਅਯੋਜਿਤ ਵਿਸ਼ੇਸ਼ ਸਮਾਗਮਾਂ ਦੌਰਾਨ ਪੰਜਾਬੀ ਭਾਈਚਾਰ ਵਲੋਂ ਨਿੱਘਾ ਸਵਾਗਤ ਤੇ ਮਾਣ-ਸਨਮਾਨ ਕੀਤਾ ਗਿਆ। ਇਥੇ ਫਰਿਜਨੋਂ ‘ਚ ਉਨ੍ਹਾਂ ਦੇ ਸਨਮਾਨ ਹਿੱਤ ਇੰਡੋ-ਯੂ.ਐਸ. ਹੈਰੀਟੇਜ ਵੱਲੋਂ ਵੀ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਮੌਕੇ ਡਾ. ਉਬਰਾਏ ਨੂੰ ਇੰਡੋ ਯੂ. ਐਸ. ਵੱਲੋ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ ।
ਸਮਾਗਮ ਦੀ ਸ਼ੁਰੂਆਤ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਨੇ ਹਾਜ਼ਰੀਨ ਅਤੇ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕੀਤੀ।
ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਅਤੇ ਵਿਰਾਸਤੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਸਕੱਤਰ ਹੈਰੀ ਮਾਨ ਨੇ ਡਾ. ਐਸ. ਪੀ. ਸਿੰਘ ਉਬਰਾਏ ਦੇ ਮਨੁੱਖਤਾ ਪੱਖੀ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਨਿਰਸਵਾਰਥ ਸੇਵਾ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਡਾ. ਅਰਜਨ ਸਿੰਘ ਜੋਸ਼ਨ, ਸੁਰਿੰਦਰ ਸਿੰਘ ਨਿੱਝਰ, ਪਾਲ ਸਹੋਤਾ ,ਚਰਨਜੀਤ ਬਾਠ,ਮਹਿੰਦਰ ਸਿੰਘ ਸੰਧਾਵਾਲੀਆ, ਹਰਜਿੰਦਰ ਕੰਗ, ਸੁਖਬੀਰ ਭੰਡਾਲ ਅਤੇ ਗੁਰਜਤਿੰਦਰ ਸਿੰਘ ਰੰਧਾਵਾ ਸ਼ਾਮਲ ਨੇ ਵੀ ਡਾ. ਉਬਰਾਏ ਦੀ ਸੇਵਾ ਭਾਵਨਾ ਨੂੰ ਮਿਸਾਲੀ ਦੱਸਿਆ।
ਡਾ. ਐਸ. ਪੀ. ਸਿੰਘ ਉਬਰਾਏ ਨੇ ਸੰਬੋਧਨ ਕਰਦਿਆਂ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਕੀਤੇ ਜਾ ਰਹੇ ਲੋਕ-ਭਲਾਈ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਫਸੇ ਸੈਂਕੜੇ ਨੌਜਵਾਨਾਂ ਨੂੰ ਬਲੱਡ ਮਨੀ ਅਦਾ ਕਰਕੇ ਰਿਹਾਅ ਕਰਵਾਉਣ ਵਿੱਚ ਸੰਸਥਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਮੌਤ ਦਾ ਸ਼ਿਕਾਰ ਹੋਏ ਅਨੇਕਾਂ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੇ ਖਰਚੇ ’ਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਸੇਵਾ ਵੀ ਲਗਾਤਾਰ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣ, ਇਲਾਜ ਲਈ ਮਦਦ ਕਰਨ ਅਤੇ ਹੋਰ ਮਨੁੱਖਤਾ ਪੱਖੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਸੰਸਥਾ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਕਿਉਂ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
ਸਮਾਗਮ ਵਿੱਚ ਸੰਸਥਾ ਦੇ ਸਮੂਹ ਮੈਂਬਰਾਂ ਸਾਧੂ ਸਿੰਘ ਸੰਘਾ, ਨਿਰਮਲ ਸਿੰਘ ਧਨੌਲਾ, ਮਨਜੀਤ ਕੁਲਾਰ, ਸਤਵੰਤ ਵਿਰਕ, ਰਣਜੀਤ ਗਿੱਲ,ਹੈਰੀ ਮਾਨ, ਕੁਲਵਿੰਦਰ ਸਿੰਘ ਢੀਡਸਾ, ਮਾਸਟਰ ਸੁਲੱਖਣ ਸਿੰਘ ਧਨੌਲਾ,ਕਮਲਜੀਤ ਬੈਨੀਪਾਲ, ਰਾਜ ਵੈਰੋਕੇ, ਸੰਤੋਖ ਸਿੰਘ ਢਿੱਲੋਂ , ਪੁਸ਼ਪਿੰਦਰ ਪਾਤੜਾਂ ਅਤੇ ਨੀਟਾ ਮਾਛੀਕੇ ਆਦਿ ਦੇ ਨਾਮ ਜਿਕਰਯੋਗ ਹਨ।
ਖ਼ਬਰਾਂ
ਡਾ. ਐੱਸ ਪੀ ਸਿੰਘ ਉਬਰਾਏ ਦਾ ਸਮੁੱਚੇ ਅਮਰੀਕਾ ‘ਚ ਪੰਜਾਬੀ ਭਾਈਚਾਰੇ ਵਲੋਂ ਨਿੱਘਾ ਸਵਾਗਤ ; ਇੰਡੋ-ਯੂ.ਐਸ. ਹੈਰੀਟੇਜ ਨੇ ਫਰਿਜ਼ਨੋ ’ਚ ਕੀਤਾ ਵਿਸ਼ੇਸ਼ ਸਨਮਾਨ
* ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ-ਡਾ. ਐਸ. ਪੀ. ਸਿੰਘ
11 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



