ਮੋਗਾ, 14 ਸਤੰਬਰ (ਜਸ਼ਨ ) ਸੇਵਾ ਭਾਰਤੀ ਮੋਗਾ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੀ ਯਾਦ ਅਤੇ ਉਨ੍ਹਾਂ ਦੇ ਸਿੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਂਦਿਆਂ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੰਪਿਊਟਰ ਸੈਂਟਰ ਦਾ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਸਹਿਯੋਗ ਦਿੰਦਿਆਂ ਭਾਜਪਾ ਆਗੂ ਅਤੇ ਸਮਾਜ ਸੇਵੀ ਦੇਵ ਪ੍ਰਿਆ ਤਿਆਗੀ ਵੱਲੋਂ 6 ਕੰਪਿਊਟਰ, ਜਦਕਿ ਵਿਨੋਦ ਕੁਮਾਰ ਨੌਹਰੀਆ ਵੱਲੋਂ 1 ਕੰਪਿਊਟਰ ਸੈਂਟਰ ਲਈ ਭੇਟ ਕੀਤਾ ਗਿਆ। ਸਮਾਗਮ ਵਿਚ ਸੇਵਾ ਭਾਰਤੀ ਦੇ ਸੰਗਠਨ ਮੰਤਰੀ ਪ੍ਰਦੀਪ ਭਾਰਤੀ ਨੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਪ੍ਰਦੀਪ ਗੋਇਲ ਅਤੇ ਮੋਗਾ ਦੇ ਜ਼ਿਲਾ ਮੰਤਰੀ ਕੁਲਵੰਤ ਰਾਜਪੂਤ ਵੀ ਮੌਜੂਦ ਰਹੇ। ਇਸ ਮੌਕੇ ਅਮਿਤ ਘਈ, ਕੌਂਸਲਰ ਗੁਰਮਿੰਦਰ ਬੱਬਲੂ, ਕੌਂਸਲਰ ਅਵਤਾਰ ਸਿੰਘ, ਤਰਸੇਮ ਜੈਨ, ਪਵਨ ਭੱਟੀ, ਪ੍ਰਧਾਨ ਰਾਮ ਨਾਥ, ਮਾਸਟਰ ਹੈਪੀ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ਵਿਚ ਕੰਪਿਊਟਰ ਸਿੱਖਿਆ ਬੱਚਿਆਂ ਅਤੇ ਨੌਜਵਾਨਾਂ ਲਈ ਬੇਹੱਦ ਜ਼ਰੂਰੀ ਹੈ। ਇਹ ਸੈਂਟਰ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਮਹੱਤਵਪੂਰਨ ਸਾਬਤ ਹੋਵੇਗਾ। ਮੰਚ ਸੰਚਾਲਨ ਮੁਕੇਸ਼ ਕੋਚਰ ਨੇ ਕੀਤਾ। ਕੌਂਸਲਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸੇਵਾ ਭਾਰਤੀ ਦੇ ਕੇਂਦਰ ਵਿਚ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਜਿਸ ਮੁਕਾਮ ’ਤੇ ਹਨ, ਉਸ ਵਿਚ ਸੇਵਾ ਭਾਰਤੀ ਦੇ ਸੰਸਕਾਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਸੇਵਾ ਭਾਰਤੀ ਮੋਗਾ ਦੇ ਪ੍ਰਧਾਨ ਸਤਪਾਲ ਜਿੰਦਲ, ਸੰਸਥਾਪਕ ਡਾ. ਪੀ.ਐੱਨ. ਮਹਾਜਨ ਅਤੇ ਨਵੀਨ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸਾਰਿਆਂ ਦੇ ਸਦਾ ਆਭਾਰੀ ਰਹਿਣਗੇ।