ਮੋਗਾ, 31 ਜੁਲਾਈ (ਜਸ਼ਨ ) : ਰਾਈਸ ਬਰਾਂਡ ਡੀਲਰ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ 30ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ਦਾ ਸੱਦਾ ਪੱਤਰ ਅੱਜ ਮਾਂ ਬਗਲਾ ਮੁਖੀ ਮੰਦਰ ਵਿਖੇ ਪੰਡਿਤ ਨੰਦ ਲਾਲ ਸ਼ਰਮਾ, ਡਿਪਟੀ ਮੇਅਰ ਗੌਰਵ ਗਰਗ, ਪਾਇਲ ਗਰਗ, ਜਗਦੀਸ਼ ਮਿੱਤਲ, ਮੋਹਨ ਲਾਲ ਗੋਇਲ, ਰਾਕੇਸ਼ ਗੋਇਲ ਅਤੇ ਪ੍ਰਦੀਪ ਕਾਕਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਦੇ ਰੂਬਰੂ ਜਾਰੀ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਸਟਾਰ ਪ੍ਰਚਾਰਕ ਰਾਕੇਸ਼ ਸਿਤਾਰਾ ਨੇ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਸ਼ਵ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਅਤੇ ਅੰਜਲੀ ਦਿਵੇਦੀ ਇਸ ਸਾਲ ਵੀ 29 ਅਗਸਤ, ਦਿਨ ਸ਼ਨੀਵਾਰ ਨੂੰ ਪੁਰਾਣੀ ਦਾਣਾ ਮੰਡੀ, ਮੋਗਾ ਵਿਖੇ ਮਾਂ ਭਗਵਤੀ ਦਾ ਗੁਣਗਾਨ ਕਰਨਗੇ। ਜਾਗਰਣ ਨੂੰ ਲੈ ਕੇ ਸੰਸਥਾ ਵੱਲੋਂ ਅੱਜ ਤੋਂ ਹੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਾਗਰਣ ਦੌਰਾਨ ਮਾਂ ਭਗਵਤੀ ਦਾ ਵਿਸ਼ਾਲ ਦਰਬਾਰ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਿਆ ਪੰਡਾਲ ਖਾਸ ਆਕਰਸ਼ਣ ਦਾ ਕੇਂਦਰ ਹੋਵੇਗਾ। ਜਾਗਰਣ ਦੀ ਸ਼ੁਰੂਆਤ ਪ੍ਰਸਿੱਧ ਭਜਨ ਗਾਇਕ ਪ੍ਰੇਮ ਨਗੀਨਾ ਆਪਣੇ ਲੋਕਪ੍ਰਿਯ ਭਜਨਾਂ ਨਾਲ ਕਰਨਗੇ। ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਹਮੇਸ਼ਾ ਹੀ ਮਾਤਾ ਰਾਣੀ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਰਹੀ ਹੈ ਅਤੇ ਇਸ ਵਾਰ ਵੀ ਮਾਂ ਭਗਵਤੀ ਦੀ ਕਿਰਪਾ ਨਾਲ ਜਾਗਰਣ ਨੂੰ ਯਾਦਗਾਰ ਬਣਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਗਰਣ ਤੋਂ ਸੱਤ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਤੋਂ ਮਾਂ ਭਗਵਤੀ ਦੀ ਪਵਿੱਤਰ ਜੋਤ ਅਮਿਤ ਮਿੱਤਲ ਦੇ ਨਿਵਾਸ ਸਥਾਨ 'ਤੇ ਲਿਆਂਦੀ ਜਾਵੇਗੀ, ਜਿੱਥੇ ਝੰਡਾ ਪੂਜਨ ਵੀ ਕੀਤਾ ਜਾਵੇਗਾ। ਜਾਗਰਣ ਉਪਰੰਤ ਵਿਧੀਵਤ ਢੰਗ ਨਾਲ ਜੋਤ ਦੀ ਵਿਦਾਇਗੀ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਮਾਂ ਭਗਵਤੀ ਦੇ ਇਸ ਵਿਸ਼ਾਲ ਜਾਗਰਣ ਵਿੱਚ ਸ਼ਾਮਲ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਕੱਤਰ ਰਮਨ ਬੱਬਰ, ਖਜ਼ਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਗੌਰਵ ਜੈਨ, ਰਮਨ ਮੱਕੜ, ਰੋਹਿਤ ਜਿੰਦਲ, ਵੇਦ ਗਰਗ, ਮਹੇਸ਼ ਗੋਇਲ, ਪ੍ਰੇਮ ਜਿੰਦਲ, ਰਾਜਿੰਦਰ ਗੁਪਤਾ, ਸਤਿੰਦਰ ਪ੍ਰਤਾਪ ਸਿੰਘ, ਪੁਨੀਤ ਜਿੰਦਲ, ਪਰਵੀਨ ਗੋਇਲ, ਸੁਮੇਸ਼ ਮਿੱਤਲ, ਮੰਗਤ ਰਾਏ ਬਾਂਸਲ, ਕਮਲ ਸਿੰਗਲਾ, ਗਗਨਦੀਪ ਮਿੱਤਲ, ਸੁਸ਼ੀਲ ਮਿੱਡਾ, ਸੌਰਭ ਗੋਇਲ, ਯੂਥ ਵਿੰਗ ਅਤੇ ਮਹਿਲਾ ਮੰਡਲ ਦੇ ਮੈਂਬਰ ਹਾਜ਼ਰ ਸਨ।