ਮੋਗਾ, 6 ਅਗਸਤ (ਜਸ਼ਨ ) ਮੋਗਾ ਸ਼ਹਿਰ ਵਿੱਚ ਪਿਛਲੇ ਦਿਨੀਂ ਕਰੀਬ ਇੱਕ ਘੰਟੇ ਤੱਕ ਪਾਏ ਮੀਹਂ ਨੇ ਨਗਰ ਨਿਗਮ ਦੇ ਵਿਕਾਸ ਕਾਰਜਾਂ ਅਤੇ ਜਲ ਨਿਕਾਸੀ ਪ੍ਰਬੰਧਾਂ ਦੀ ਅਸਲ ਤਸਵੀਰ ਲੋਕਾਂ ਸਾਹਮਣੇ ਲਿਆ ਦਿੱਤੀ। ਥੋੜ੍ਹੇ ਸਮੇਂ ਦੇ ਇਸ ਮੀਹਂ ਨੇ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਗਲੀਆਂ ਅਤੇ ਨੀਵੇਂ ਇਲਾਕਿਆਂ ਨੂੰ ਜਲ-ਥਲ ਕਰ ਦਿੱਤਾ। ਹਾਲਾਤ ਇਹ ਬਣ ਗਏ ਕਿ ਬਾਰਿਸ਼ ਰੁਕਣ ਤੋਂ ਤਿੰਨ ਤੋਂ ਚਾਰ ਘੰਟੇ ਬਾਅਦ ਵੀ ਕਈ ਥਾਵਾਂ ’ਤੇ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿਚ ਸ਼ਹਿਰ ਦਾ ਨੀਵਾਂ ਪੁਲ, ਮੁੱਖ ਬਾਜ਼ਾਰ ਅਤੇ ਕਈ ਪ੍ਰਮੁੱਖ ਸੜਕਾਂ ਸ਼ਾਮਲ ਰਹੀਆਂ। ਨੀਵੇਂ ਪੁਲ ਵਿਚ ਬਾਰਿਸ਼ ਦਾ ਪਾਣੀ ਭਰਨ ਕਾਰਨ ਸਾਰਾ ਦਿਨ ਟਰੈਫਿਕ ਜਾਮ ਵਰਗੀ ਸਥਿਤੀ ਬਣੀ ਰਹੀ। ਆਮ ਦਿਨਾਂ ਵਿਚ ਪੰਜ ਤੋਂ ਦਸ ਮਿੰਟ ਵਿੱਚ ਤੈਅ ਹੋਣ ਵਾਲਾ ਸਫ਼ਰ ਲੋਕਾਂ ਲਈ ਘੰਟਿਆਂ ਦੀ ਮੁਸ਼ੱਕਤ ਵਿਚ ਬਦਲ ਗਿਆ। ਦੋਪਹੀਆ ਵਾਹਨ ਚਾਲਕ ਆਪਣੇ ਵਾਹਨ ਪਾਣੀ ਵਿੱਚੋਂ ਧੱਕੇ ਮਾਰ ਕੇ ਕੱਢਦੇ ਨਜ਼ਰ ਆਏ, ਜਦਕਿ ਕਈ ਕਾਰਾਂ ਸੜਕਾਂ ’ਤੇ ਹੀ ਬੰਦ ਹੋ ਗਈਆਂ। ਬਾਰਿਸ਼ ਨੇ 27 ਦਿਨਾਂ ਤੱਕ ਚੱਲੀ ਸਫਾਈ ਸੇਵਕਾਂ ਦੀ ਹੜਤਾਲ ਦੇ ਮਾੜੇ ਪ੍ਰਭਾਵਾਂ ਨੂੰ ਵੀ ਹੋਰ ਉਜਾਗਰ ਕਰ ਦਿੱਤਾ। ਹਾਲਾਂਕਿ ਅੱਜ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੜਤਾਲ ਸਮਾਪਤ ਹੋ ਗਈ, ਪਰ ਸ਼ਹਿਰ ਵਿੱਚ ਲੱਗੇ ਕੂੜੇ ਦੇ ਵੱਡੇ-ਵੱਡੇ ਡੰਪ ਬਾਰਿਸ਼ ਦੇ ਪਾਣੀ ਨਾਲ ਰੁੜਦੇ ਦਿਖਾਈ ਦਿੱਤੇ। ਬਾਰਿਸ਼ ਰੁਕਣ ਮਗਰੋਂ ਨਿਕਲੀ ਤਿੱਖੀ ਧੁੱਪ ਕਾਰਨ ਇਨ੍ਹਾਂ ਡੰਪਾਂ ਵਿੱਚੋਂ ਉੱਠ ਰਹੀ ਬਦਬੂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰ ਦਿੱਤਾ। ਵਾਤਾਵਰਨ ਵਿਚ ਫੈਲੀ ਬਦਬੂ ਅਤੇ ਗੰਦਗੀ ਕਾਰਨ ਲੋਕਾਂ ਨੇ ਸਿਹਤ ਸਬੰਧੀ ਖ਼ਤਰੇ ਦੀ ਵੀ ਚਿੰਤਾ ਜਤਾਈ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਸਫਾਈ ਸੇਵਕ ਹੜਤਾਲ ’ਤੇ ਸਨ ਤਾਂ ਨਾ ਤਾਂ ਕੋਈ ਕੌਂਸਲਰ ਅਤੇ ਨਾ ਹੀ ਕੋਈ ਜਨ ਪ੍ਰਤੀਨਿਧੀ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਵਾਰਡਾਂ ਵਿਚ ਪਹੁੰਚਿਆ। ਲੋਕਾਂ ਦਾ ਕਹਿਣਾ ਸੀ ਕਿ ਹੁਣ ਹੜਤਾਲ ਖ਼ਤਮ ਹੋਣ ਮਗਰੋਂ ਜਨ ਪ੍ਰਤੀਨਿਧੀ ਦੁਬਾਰਾ ਸਰਗਰਮ ਹੋ ਜਾਣਗੇ, ਜਦਕਿ ਸੰਕਟ ਦੀ ਘੜੀ ਵਿਚ ਉਨ੍ਹਾਂ ਨੂੰ ਲੋਕਾਂ ਦੇ ਨਾਲ ਖੜ੍ਹਨਾ ਚਾਹੀਦਾ ਸੀ।
ਨਗਰ ਨਿਗਮ ਅਧੀਨ ਆਉਂਦੇ ਵਾਰਡ ਨੰਬਰ 42 ਅਤੇ 43 ਵਿਚ ਨਵੀਂ ਬਣੀ ਗਲੀ ਸਾਵਣ ਦੀ ਪਹਿਲੀ ਹੀ ਬਾਰਿਸ਼ ਵਿਚ ਕਈ ਥਾਵਾਂ ਤੋਂ ਰੁੜਦੀ ਨਜ਼ਰ ਆਈ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਵਿਕਾਸ ਕਾਰਜਾਂ ਦੌਰਾਨ ਗੁਣਵੱਤਾ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਅਤੇ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਦੇ ਕੰਮ ਦੀ ਪ੍ਰਭਾਵਸ਼ਾਲੀ ਨਿਗਰਾਨੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨਵੀਆਂ ਬਣੀਆਂ ਗਲੀਆਂ ਅਤੇ ਸੜਕਾਂ ਵੀ ਪਹਿਲੀ ਬਾਰਿਸ਼ ਵਿਚ ਹੀ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸ਼ਹਿਰ ਵਾਸੀਆਂ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲ ਨਿਕਾਸੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇ, ਸੜਕਾਂ ਅਤੇ ਗਲੀਆਂ ਦੇ ਨਿਰਮਾਣ ਵਿਚ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਕੂੜੇ ਦੇ ਤੁਰੰਤ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੁੱਢਲੀਆਂ ਸਮੱਸਿਆਵਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਬਰਸਾਤੀ ਮੌਸਮ ਵਿਚ ਲੋਕਾਂ ਨੂੰ ਹੋਰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੋਗਾ ਦਾ ਨੀਵਾਂ ਪੁਲ ਇੱਕ ਵਾਰ ਫਿਰ ਬਾਰਿਸ਼ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਪੁਲ ਵਿਚ ਪਾਣੀ ਭਰਨ ਕਾਰਨ ਵਾਹਨਾਂ ਦੀ ਆਵਾਜਾਈ ਲਗਭਗ ਠੱਪ ਹੋ ਗਈ। ਦੋਪਹੀਆ ਅਤੇ ਚਾਰਪਹੀਆ ਵਾਹਨ ਪਾਣੀ ਵਿਚ ਫਸਦੇ ਰਹੇ, ਜਿਸ ਕਾਰਨ ਲੰਬੇ ਟਰੈਫਿਕ ਜਾਮ ਲੱਗ ਗਏ। ਆਮ ਤੌਰ ’ਤੇ ਕੁਝ ਮਿੰਟਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਘੰਟਿਆਂ ਉਡੀਕ ਕਰਨੀ ਪਈ। ਸਥਾਨਕ ਲੋਕਾਂ ਨੇ ਕਿਹਾ ਕਿ ਹਰ ਸਾਲ ਇਹੀ ਹਾਲਾਤ ਬਣਦੇ ਹਨ, ਪਰ ਸਥਾਈ ਹੱਲ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਜਾਂਦਾ।
27 ਦਿਨਾਂ ਦੀ ਸਫਾਈ ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਸਨ। ਬਾਰਿਸ਼ ਦੌਰਾਨ ਇਹ ਕੂੜਾ ਪਾਣੀ ਵਿਚ ਰੁੜਦਾ ਨਜ਼ਰ ਆਇਆ। ਬਾਰਿਸ਼ ਰੁਕਣ ਮਗਰੋਂ ਨਿਕਲੀ ਧੁੱਪ ਨਾਲ ਕੂੜੇ ਵਿੱਚੋਂ ਉੱਠਦੀ ਤਿੱਖੀ ਬਦਬੂ ਨੇ ਲੋਕਾਂ ਦਾ ਸਾਹ ਲੈਣਾ ਵੀ ਔਖਾ ਕਰ ਦਿੱਤਾ। ਲੋਕਾਂ ਨੇ ਡਰ ਜਤਾਇਆ ਕਿ ਜੇਕਰ ਤੁਰੰਤ ਸਫਾਈ ਨਾ ਹੋਈ ਤਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਸਕਦਾ ਹੈ।
ਕੁਲ ਮਿਲਾ ਕੇ ਕਈ ਸਾਲ ਪਹਿਲਾਂ ਹੋਂਦ ਵਿਚ ਆਈ ਨਗਰ ਨਿਗਮ ਦੀ ਹੁਣ ਤਕ ਦੀ ਕਾਰਗੁਜ਼ਾਰੀ ਸਿਫ਼ਰ ਹੈ।