ਐਡਮੈਂਟਨ,ਕੈਨੇਡਾ,(ਜਗਮੰਦਰ ਸਿੰਘ ਸਰਾਂ) ਬੀਤੇ ਸ਼ਨੀਵਾਰ ਪੰਜਾਬ ਦੇ ਕੈਨੇਡਾ ਪੜ੍ਹਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਮਾਪਿਆਂ ਦਾ ਇਕਲੌਤਾ ਪੁੱਤਰ 22 ਸਾਲਾ ਬਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਪਹਾੜੀ ਇਲਾਕੇ ਵਿਚ ਘੁੰਮਣ ਫਿਰਨ ਜਾ ਰਿਹਾ ਸੀ ਜਦ ਇਹਨਾਂ ਦੀ ਕਾਰ ਕੋਲੋਂ ਲੰਘਦੇ, ਪਿਕ ਅੱਪ ਟਰੱਕ ਸਵਾਰਾਂ ਨੇ ਇਹਨਾਂ ਵੱਲ ਵੇਖਿਆ , ਇਹਨਾਂ ਨੇ ਸੋਚਿਆ ਉਹ ਕੋਈ ਜਾਣਕਾਰ ਹੋਣਗੇ ਤੇ ਪਛਾਨਣ ਦੀ ਕੋਸ਼ਿਸ਼ ਕਰ ਰਹੇ ਨੇ ,ਇਸ ਕਰਕੇ ਇਹਨਾਂ ਨੇ ਪਿਕ ਅੱਪ ਟਰੱਕ ਸਵਾਰਾਂ ਨੂੰ ਸਦਭਾਵਨਾ ਵਾਲੀ ਬਾਏ ਕਰਕੇ ਆਪਣਾ ਸਫਰ ਜਾਰੀ ਰੱਖਿਆ ਪਰ ਥੋੜ੍ਹੀ ਦੇਰ ਬਾਅਦ ਪਿਕ ਅੱਪ ਟਰੱਕ ਸਵਾਰਾਂ ਨੇ ਟਰੱਕ ਹੌਲੀ ਕੀਤਾ ਤੇ ਜਦ ਉਹ ਕਾਰ ਦੇ ਨੇੜੇ ਆਏ ਤਾਂ ਗੋਲੀ ਚਲਾ ਦਿੱਤੀ ਜੋ ਕਾਰ ਦਾ ਸ਼ੀਸ਼ਾ ਤੋੜਦੀ ਹੋਈ ਬਰਿੰਦਰ ਸਿੰਘ ਦੀ ਧੌਣ ਵਿਚ ਲੱਗੀ। ਤੁਰੰਤ ਮੈਡੀਕਲ ਸਹੂਲਤਾਂ ਦੇਣ ਦੇ ਬਾਵਜੂਦ ਬਰਿੰਦਰ ਨੂੰ ਬਚਾਇਆ ਨਹੀਂ ਜਾ ਸਕਿਆ । ਕਾਰ ਵਿਚ ਸਵਾਰ ਬਰਿੰਦਰ ਦੇ ਬਚਪਨ ਦੇ ਦੋਸਤ ਨੇ ਦੱਸਿਆ ਕਿ ਉਹਨਾਂ ਦੀ ਕਦੇ ਵੀ ਕਿਸੇ ਨਾਲ ਕੋਈ ਕਹਾਸੁਣੀ ਨਹੀਂ ਹੋਈ ਬਲਕਿ ਬਰਿੰਦਰ ਬੇਹੱਦ ਸੰਜੀਦਾ ਵਿਦਿਆਰਥੀ ਸੀ। ਉਸ ਨੇ ਦੱਸਿਆ ਕਿ ਬਰਿੰਦਰ ਅਮ੍ਰਿਤਧਾਰੀ ਸਿੱਖ ਸੀ ਤੇ ਭਵਿੱਖ ਵਿਚ ਆਪਣੇ ਸੁਪਨੇ ਸਾਕਾਰ ਕਰਨ ਵੱਲ ਸੇਧਤ ਸੀ । ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤਕ ਇਕ ਲਾਵਾਰਿਸ ਪਿਕ ਅੱਪ ਟਰੱਕ ਜ਼ਬਤ ਕਰਨ ਤੋਂ ਇਲਾਵਾ ਹੋਰ ਕੁਝ ਵੀ ਸੰਭਵ ਨਹੀਂ ਹੋ ਸਕਿਆ। ਇਸ ਸਾਰੇ ਮਾਮਲੇ ਨੂੰ ਪੁਲਿਸ ਅਤੇ ਪੰਜਾਬੀ ਭਾਈਚਾਰਾ ਸਮਝਣ ਤੋਂ ਅਸਮਰਥ ਹੈ। ਬਰਿੰਦਰ ਦੇ ਬਚਪਨ ਦੇ ਦੋਸਤ ਨੇ ਸਪਸ਼ਟ ਆਖਿਆ ਕਿ ਹੁਣ ਕੈਨੇਡਾ ਸੁਰੱਖਿਅਤ ਨਹੀਂ ਰਿਹਾ। ਉਸ ਨੇ ਦੱਸਿਆ ਕੇ ਬਰਿੰਦਰ ਦੇ ਮਾਪੇ ਇਸ ਘਟਨਾ ਤੋਂ ਬਾਅਦ ਪੱਥਰ ਹੋ ਗਏ ਨੇ ਜਦ ਕਿ ਬਰਿੰਦਰ ਦੀ ਦੇਹ ਅੰਮ੍ਰਿਤਸਰ ਭੇਜਣ ਦੇ ਯਤਨ ਕੀਤੇ ਜਾ ਰਹੇ ਨੇ।
ਵਰਡ ਸਿੱਖ ਔਰਗੇਨਾਈਜੇਸ਼ਨ ਆਫ ਕੈਨੇਡਾ ਨੇ ਪੁਲਿਸ ਕੋਲ ਇਸ ਘਿਨੌਣੇ ਕਾਰੇ ਦੀ ਨਫਰਤੀ ਕਾਰੇ ਵਜੋਂ ਹੋਣ ਦੀ ਆਸ਼ੰਕਾ ਜਤਾਈ ਹੈ।
ਖ਼ਬਰਾਂ
ਕੈਨੇਡਾ ਦੇ ਐਡਮੈਂਟਨ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
* ਮਾਪਿਆਂ ਦਾ ਇਕਲੌਤਾ ਪੁੱਤ ਸੀ ਬਰਿੰਦਰ
12 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



