ਤਰਨਤਾਰਨ (ਅਮਿਤ ਮਰਵਾਹਾ)

ਇੰਟਰਨੈਸ਼ਨਲ ਪੈਸ਼ਨ ਟਾਈਗਰ ਅਕੈਡਮੀ ਵੱਲੋਂ ਸਥਾਨਕ ਜਨਤਾ ਪੈਲੇਸ ਵਿਖੇ 15ਵੀਂ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਕਰਵਾਈ ਗਈ। ਅਕੈਡਮੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਅਤੇ ਸਕੱਤਰ ਹਰਮੀਤ ਸਿੰਘ ਟਾਈਗਰ ਦੀ ਅਗਵਾਈ ਹੇਠ ਹੋਈ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਰਾਟੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਚੈਂਪੀਅਨਸ਼ਿਪ ਦੌਰਾਨ ਲੜਕਿਆਂ ਅਤੇ ਲੜਕੀਆਂ ਦੇ ਵੱਖ-ਵੱਖ ਵਰਗਾਂ ਵਿੱਚ ਕਰਾਟੇ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਹਾਸਲ ਕੀਤੇ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਵਿਭਾਗ ਦੇ ਉਪ ਜਿਲ੍ਹਾ ਸਿੱਖਿਆ ਅਫਸਰ ਮੈਡਮ ਰਜਿੰਦਰ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਾਸ ਤੌਰ ’ਤੇ ਲੜਕੀਆਂ ਨੂੰ ਕਰਾਟੇ ਸਿੱਖਣ ਅਤੇ ਸੈਲਫ ਡਿਫੈਂਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।

ਅਕੈਡਮੀ ਦੇ ਸ਼ੋਟੋਕਾਨ/ਮੁੱਖ ਪ੍ਰਬੰਧਕ ਹਰਮੀਤ ਸਿੰਘ ਟਾਈਗਰ ਨੇ ਦੱਸਿਆ ਕਿ ਅਕੈਡਮੀ ਵੱਲੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕੈਡਮੀ ਨਾਲ ਜੁੜੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ।

ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਵਾਰਿਸ ਪੰਜਾਬ ਦੇ ਆਗੂ ਇਕਬਾਲ ਸਿੰਘ ਸੰਧੂ ਨੇ ਵੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਉੱਚਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਚੈਂਪੀਅਨਸ਼ਿਪ ਦੀ ਸਫਲਤਾ ’ਤੇ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਐਸਐਸਪੀ ਸੁਰਿੰਦਰ ਲਾਂਬਾ, ਜੋਗਿੰਦਰ ਸਿੰਘ, ਗੁਰਦੇਵ ਸਿੰਘ ਸੰਧੂ, ਸਾਹਿਬ ਸਿੰਘ, ਸ਼ਰਨਪਾਲ ਸਿੰਘ ਚੌਹਾਨ ਅਤੇ ਅਮਿਤ ਮਰਵਾਹਾ ਸਮੇਤ ਹੋਰ ਪਤਵੰਤਿਆਂ ਨੇ ਇੰਟਰਨੈਸ਼ਨਲ ਪੈਸ਼ਨ ਟਾਈਗਰ ਅਕੈਡਮੀ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।