ਮੋਗਾ 27 ਜੁਲਾਈ ( ਬਿੱਟੂ ਗਰੋਵਰ )
ਪੰਜਾਬ ਸਰਕਾਰ ਵੱਲੋਂ ਪੱਤਰਕਾਰ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਗਿਆ। ਨਾਲ ਹੀ ਇਹ ਫ਼ੈਸਲਾ ਵੀ ਲਿਆ ਗਿਆ ਕਿ ਅਗਸਤ ਮਹੀਨੇ ਦੌਰਾਨ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪੇ ਜਾਣਗੇ।
ਬੱਧਨੀ ਕਲਾਂ ਸਥਿਤ ਹਰਤਾਜ ਵਿੱਲਾ ਹੋਟਲ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਤਰਕਾਰਾਂ ਲਈ ਪੈਨਸ਼ਨ ਸਕੀਮ, ਡੈਸਕ ਸਟਾਫ਼ ਨੂੰ ਵੀ ਸਮਾਨ ਸਹੂਲਤਾਂ, ਮੁਫ਼ਤ ਬੱਸ ਸਫ਼ਰ, 10 ਲੱਖ ਰੁਪਏ ਦਾ ਸਿਹਤ ਬੀਮਾ, ਵਿਸ਼ੇਸ਼ ਸਹਾਇਤਾ ਫੰਡ ਅਤੇ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਿਹਾਇਸ਼ੀ ਪਲਾਟਾਂ ਲਈ ਰਾਖਵਾਂਕਰਨ ਵਰਗੀਆਂ ਮੰਗਾਂ ਨੂੰ ਸਰਕਾਰ ਵੱਲੋਂ ਅਣਡਿੱਠਾ ਕੀਤਾ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ।
ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਰਕਾਰੀ ਇਸ਼ਤਿਹਾਰਾਂ ਨੂੰ ਦਬਾਅ ਦੇ ਸਾਧਨ ਵਜੋਂ ਵਰਤਣ ਦੀ ਨੀਤੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਯੂਨੀਅਨ ਦੇ ਸੂਬਾ ਸਕੱਤਰ ਜਨਰਲ ਸੰਤੋਖ ਗਿੱਲ ਨੇ ਦੱਸਿਆ ਕਿ ਜਥੇਬੰਦੀ ਦੇ 13 ਸਾਲ ਪੂਰੇ ਹੋਣ ਮੌਕੇ ਅਕਤੂਬਰ ਮਹੀਨੇ ਵਿੱਚ ਲੁਧਿਆਣਾ ਦੇ ਮੁੱਲਾਂਪੁਰ-ਦਾਖਾ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਅਤੇ ਦਿੱਲੀ ਵਿੱਚ ਵਿਦਿਆਰਥੀ ਅੰਦੋਲਨ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦਿਆਂ ਰਾਏਕੋਟ ਦੇ ਪੱਤਰਕਾਰ ਆਤਮਾ ਸਿੰਘ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਜੰਤਰ-ਮੰਤਰ ਵਿਖੇ ਵਿਦਿਆਰਥੀ ਅੰਦੋਲਨ ਦੀ ਕਵਰੇਜ ਦੌਰਾਨ ਪੱਤਰਕਾਰਾਂ 'ਤੇ ਹੋਏ ਹਮਲਿਆਂ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ।
ਮੀਟਿੰਗ ਵਿੱਚ ਜਗਸੀਰ ਸਿੰਘ ਸੰਧੂ ਨੂੰ ਸੰਗਰੂਰ, ਵੀਰਪਾਲ ਭਗਤਾ ਨੂੰ ਸਹਾਇਕ ਇੰਚਾਰਜ, ਸੁਖਨੈਬ ਸਿੱਧੂ ਨੂੰ ਮਾਨਸਾ ਅਤੇ ਗੁਰਤੇਜ ਸਿੰਘ ਸਿੱਧੂ ਨੂੰ ਫ਼ਰੀਦਕੋਟ ਜ਼ਿਲ੍ਹੇ ਦਾ ਇੰਚਾਰਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰ ਮਹੇਸ਼ ਸ਼ਰਮਾ, ਜਗਦੀਸ਼ ਬਾਵਾ ਅਤੇ ਹੋਰ ਵਿਛੜੀਆਂ ਸ਼ਖ਼ਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਜਾਣਕਾਰੀ ਦਿੱਤੀ ਕਿ 8 ਅਤੇ 9 ਅਗਸਤ ਨੂੰ ਬੰਗਲੌਰ ਵਿੱਚ ਹੋਣ ਵਾਲੀ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਦੇਸ਼ ਭਰ ਦੇ ਪੱਤਰਕਾਰਾਂ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਕੇ ਕੌਮੀ ਪੱਧਰ 'ਤੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਅੰਤ ਵਿੱਚ ਮੋਗਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਮਨੋਜ ਭੱਲਾ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਮੱਲੇਆਣਾ ਦੀ ਅਗਵਾਈ ਹੇਠ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੋਪੀ ਰਾਊਕੇ, ਬਿੱਟੂ ਗਰੋਵਰ,ਗੁਰਪ੍ਰੀਤ ਦੌਧਰ,ਸੁਰਿੰਦਰ ਮਾਨ, ਨਿਰਮਲਜੀਤ ਸਿੰਘ ਧਾਲੀਵਾਲ,ਕਿਰਨਦੀਪ ਸਿੰਘ,ਜਗਤਾਰ ਸਿੰਘ ਹਿੰਮਤਪੁਰਾ, ਮਨਦੀਪ ਸਿੰਘ ਝਾਂਜੀ, ਜਗਵੀਰ ਅਜ਼ਾਦ, ਤਨਿਕਸ ਭੱਲਾ, ਵਕੀਲ ਮਹਿਰੋਂ, ਰਾਜੇਸ਼ ਤ੍ਰਿਪਾਠੀ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।
ਖ਼ਬਰਾਂ
ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ, ਸਾਰੀਆਂ ਸਿਆਸੀ ਪਾਰਟੀਆਂ ਨੂੰ ਮੰਗ ਪੱਤਰ ਦੇਣ ਦਾ ਐਲਾਨ
* ਪੱਤਰਕਾਰਾਂ ਲਈ ਪੈਨਸ਼ਨ ਸਕੀਮ, ਡੈਸਕ ਸਟਾਫ਼ ਨੂੰ ਵੀ ਸਮਾਨ ਸਹੂਲਤਾਂ, ਮੁਫ਼ਤ ਬੱਸ ਸਫ਼ਰ, 10 ਲੱਖ ਰੁਪਏ ਦਾ ਸਿਹਤ ਬੀਮਾ, ਵਿਸ਼ੇਸ਼ ਸਹਾਇਤਾ ਫੰਡ ਅਤੇ ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਿਹਾਇਸ਼ੀ ਪਲਾਟਾਂ ਲਈ ਰਾਖਵਾਂਕਰਨ ਦੀ ਮੰਗ
27 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



