ਡੇਰਾ ਬਾਬਾ ਨਾਨਕ,7 ਮਈ (ਲਛਮਣਜੀਤ ਸਿੰਘ ਪੁਰਬਾ)
ਪਿਛਲੇ ਸਾਲ ਭਾਰਤ ਪਾਕਿਸਤਾਨ ਵਿੱਚ ਹੋਏ ਤਲਖ਼ ਹਾਲਾਤ ਤੋਂ ਬਾਅਦ ਬੇਸ਼ੱਕ ਮਿਸ਼ਨ ਸੰਧੁਰ ਦੀ ਸਫਲਤਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਹਾਲਾਤ ਭਾਵੇ ਸੁਧਰ ਗਏ ਸਨ ਪਰ ਤਲਖ਼ ਮਾਹੌਲ ਵਿੱਚ ਕਰਤਾਰਪੁਰ ਕੋਰੀਡੋਰ ਰਸਤੇ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਣ ਵਾਲੀ ਸੰਗਤ ਤੇ ਵੀ ਰੋਕ ਲਗਾ ਦਿੱਤੀ ਗਈ ਸੀ ਜੋ ਇੱਕ ਸਾਲ ਬੀਤਣ ਦੇ ਬਾਅਦ ਵੀ ਲਗਾਤਾਰ ਜਾਰੀ ਹੈ ਜਿਸਨੂੰ ਲੈਕੇ ਸੰਗਤਾਂ ਵਿੱਚ ਕਾਫੀ ਮਯੂਸੀ ਪਾਈ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਗਏ ਲਾਂਘੇ (ਕੌਰੀਡੋਰ) 'ਤੇ ਅੱਜ-ਕੱਲ੍ਹ ਸ਼ਰਧਾਲੂਆਂ ਦੀ ਆਮਦ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਪਹਿਲਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਸਨ, ਉੱਥੇ ਹੀ ਹੁਣ ਇਹ ਗਿਣਤੀ ਸਿਰਫ਼ ਕੁਝ ਲੋਕਾਂ ਤੱਕ ਸਿਮਟ ਕੇ ਰਹਿ ਗਈ ਹੈ। ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਥਾਨਕ ਨਿਵਾਸੀਆਂ ਅਤੇ ਸ਼ਰਧਾਲੂਆਂ ਨੇ ਕਈ ਅਹਿਮ ਪਹਿਲੂਆਂ 'ਤੇ ਰੌਸ਼ਨੀ ਪਾਈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਜਾਣ ਲਈ ਪਾਸਪੋਰਟ ਦੀ ਲਾਜ਼ਮੀ ਸ਼ਰਤ ਸਭ ਤੋਂ ਵੱਡੀ ਰੁਕਾਵਟ ਹੈ। ਬਹੁਤ ਸਾਰੇ ਪੇਂਡੂ ਅਤੇ ਬਜ਼ੁਰਗ ਸ਼ਰਧਾਲੂਆਂ ਕੋਲ ਪਾਸਪੋਰਟ ਨਹੀਂ ਹਨ।ਜਿਸ ਕਾਰਨ ਉਹ ਦਰਸ਼ਨਾਂ ਤੋਂ ਵਾਂਝੇ ਰਹਿ ਜਾਂਦੇ ਹਨ। ਮੰਗ ਕੀਤੀ ਗਈ ਹੈ ਕਿ ਪਾਸਪੋਰਟ ਦੀ ਜਗ੍ਹਾ ਆਧਾਰ ਕਾਰਡ ਰਾਹੀਂ ਜਾਣ ਦੀ ਇਜਾਜ਼ਤ ਦਿੱਤੀ ਜਾਵੇ।ਇਲਾਕਾ ਨਿਵਾਸੀਆਂ ਅਨੁਸਾਰ, ਸ਼ਰਧਾਲੂਆਂ ਦੀ ਗਿਣਤੀ ਘਟਣ ਕਾਰਨ ਸਥਾਨਕ ਦੁਕਾਨਦਾਰਾਂ ਅਤੇ ਟੈਕਸੀ ਚਾਲਕਾਂ ਦੇ ਰੁਜ਼ਗਾਰ 'ਤੇ ਵੀ ਮਾੜਾ ਅਸਰ ਪਿਆ ਹੈ। ਲੋਕਾਂ ਨੇ ਉਮੀਦ ਜਤਾਈ ਸੀ ਕਿ ਲਾਂਘਾ ਖੁੱਲ੍ਹਣ ਨਾਲ ਇਲਾਕੇ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਪਰ ਨਿਯਮਾਂ ਦੀ ਸਖ਼ਤੀ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਮੌਕੇ ਦਰਸ਼ਨਾਂ ਵਾਸਤੇ ਪਹੁੰਚੇ ਲੋਕਾਂ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਭਾਰਤ ਅਤੇ ਪਾਕਿਸਤਾਨ, ਦੋਵਾਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਦਰਸ਼ਨਾਂ ਦੀ ਪ੍ਰਕਿਰਿਆ ਨੂੰ ਸਰਲ ਬਣਾਇਆ ਜਾਵੇ। ਅਤੇ ਫਿਰ ਤੋਂ ਲਾਘਾ ਖੱਲਿਆ ਜਾਵੇ ਤਾਂ ਤੋਂ ਸੰਗਤਾਂ ਫਿਰ ਤੋਂ ਗੁਰੂ ਘਰ ਦੇ ਦਰਸ਼ਨ ਕਰ ਸਕਣ ਕਿਉਂਕਿ ਹੁਣ ਦੋਵੇਂ ਦੇਸ਼ਾਂ ਦੇ ਸਬੰਧ ਵੀ ਠੀਕ ਹਨ ਅਤੇ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਆਧਾਰ ਕਾਰਡ ਲਾਗੂ ਕੀਤਾ ਜਾਵੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਤਾਂ ਜੋ ਸ਼ਰਧਾਲੂ ਤੁਰੰਤ ਦਰਸ਼ਨ ਕਰ ਸਕਣ।ਸੰਗਤ ਦਾ ਕਹਿਣਾ ਹੈ ਕਿ ਜੇਕਰ ਨਿਯਮਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ, ਤਾਂ ਸ਼ਰਧਾਲੂਆਂ ਦੀ ਗਿਣਤੀ ਮੁੜ ਹਜ਼ਾਰਾਂ ਵਿੱਚ ਪਹੁੰਚ ਸਕਦੀ ਹੈ।