ਮਾਨਸਾ, 28 ਅਪਰੈਲ(ਜਸ਼ਨ)ਪੁਲਿਸ ਦੇ ਦਾਅਵੇ ਮੁਤਾਬਿਕ ਪਟਿਆਲਾ ਪੁਲੀਸ ਵੱਲੋਂ ਸੰਭੂ-ਅੰਬਾਲਾ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨ ਦੀ ਸ਼ਹਿ ’ਤੇ ਚੱਲਣ ਵਾਲੇ ਅੱਤਵਾਦੀ ਮਡਿਊਲ ਦੇ ਚਾਰ ਗਿ੍ਰਫ਼ਤਾਰ ਕੀਤੇ ਦੋਸ਼ੀਆਂ ਵਿੱਚੋਂ ਦੋ ਮੁਲਜ਼ਮ ਪਰਦੀਪ ਸਿੰਘ ਖਾਲਸਾ ਵਾਸੀ ਮਾਨਸਾ ਅਤੇ ਕੁਲਵਿੰਦਰ ਸਿੰਘ ਬੱਗਾ ਪਿੰਡ ਬੱਪੀਆਣਾ ਜ਼ਿਲ੍ਹਾ ਮਾਨਸਾ ਗਿ੍ਰਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਮਾਨਸਾ ਪੁਲੀਸ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਅਤੇ ਇਸ ਸਬੰਧੀ ਕੁੱਝ ਦੱਸਣ ਤੋਂ ਇਨਕਾਰੀ ਹੈ।ਇਨ੍ਹਾਂ ਫੜ੍ਹੇ ਨੌਜਵਾਨਾਂ ਦਾ ਪਿਛੋਕੜ ਅਪਰਾਧਿਕ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਕਿ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਮਾਨਸਾ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ ਹੈ ਕਿ ਮਾਨਸਾ ਜ਼ਿਲ੍ਹਾ ਨਾਲ ਸਬੰਧਿਤ ਇਨ੍ਹਾਂ ਨੌਜਵਾਨਾਂ ਨੇ ਕੁੱਝ ਲੋਕਾਂ ਨਾਲ ਮਿਲਕੇ ਆਈ.ਏ.ਐਸ ਦੀ ਸ਼ਹਿ ’ਤੇ ਸ਼ੰਭੂ-ਅੰਬਾਲਾ ਰੇਲਵੇ ਮਾਰਗ ਨੂੰ ਬੰਬ ਧਮਾਕੇ ਨਾਲ ਨੁਕਸਾਨ ਪਹੁੰਚਾਇਆ। ਇਹ ਘਟਨਾ 27 ਅਪਰੈਲ ਦੀ ਦੱਸੀ ਜਾ ਰਹੀ ਹੈ। ਪਟਿਆਲਾ ਪੁਲੀਸ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਉਕਤ ਦੋ ਵਿਅਕਤੀਆਂ ਤੋਂ ਇਲਾਵਾ ਸਤਨਾਮ ਸਿੰਘ ਵਾਸੀ ਪੰਜਵੜ (ਤਰਨਤਾਰਨ), ਗੁਰਪ੍ਰੀਤ ਸਿੰਘ ਗੋਪੀ ਵਾਸੀ ਮੁਰਾਦਪੁਰ (ਗੋਇੰਦਵਾਲ ਸਾਹਿਬ ) ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਪੁਲੀਸ ਨੇ ਪੁੱਛਣ ’ਤੇ ਸਿਰਫ਼ ਇਹੀ ਦੱਸਿਆ ਕਿ ਇਹ ਪਟਿਆਲਾ ਪੁਲੀਸ ਦੀ ਕਾਰਵਾਈ ਹੈ। ਮਾਨਸਾ ਪੁਲੀਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਾਨਸਾ ਦੇ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਪਟਿਆਲਾ ਪੁਲੀਸ ਇਸ ’ਤੇ ਕਾਰਵਾਈ ਕਰ ਰਹੀ ਹੈ, ਜਿਸ ਨੇ ਇੱਕ ਮਾਮਲੇ ਵਿੱਚ ਚਾਰ ਵਿਅਕਤੀਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਵੱਲੋਂ ਪਟਿਆਲਾ ਪੁਲੀਸ ਨੂੰ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ, ਪਰ ਮਾਨਸਾ ਪੁਲੀਸ ਦਾ ਇਸ ਮਾਮਲੇ ਨਾਲ ਅਜੇ ਤੱਕ ਕੋਈ ਸਬੰਧ ਨਹੀਂ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਕੁਲਵਿੰਦਰ ਸਿੰਘ ਅਤੇ ਪ੍ਰਦੀਪ ਸਿੰਘ ਆਪਸ ਵਿੱਚ ਦੋਸਤ ਹਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਬੰਬ ਧਮਾਕੇ ਦਾ ਮਾਸਟਰਮਾਈਂਡ ਪ੍ਰਦੀਪ ਸਿੰਘ ਹੈ ਅਤੇ ਉਸ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਮੋਬਾਇਲ ਜ਼ਰੀਏ ਰਾਬਤਾ ਕਾਇਮ ਰੱਖਕੇ ਦਿੱਤਾ ਗਿਆ ਹੈ।
ਉਧਰ ਮਾਨਸਾ ਦੇ ਗ੍ਰਿਫਤਾਰ ਕੀਤੇ ਗਏ ਪ੍ਰਦੀਪ ਸਿੰਘ ਖਾਲਸਾ ਦੀ ਮਾਤਾ ਗੁਣਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ। ਸਵੇਰੇ ਪੁਲੀਸ ਕਿਉਂ ਆਈ । ਉਨ੍ਹਾਂ ਦੱਸਿਆ ਕਿ ਉਸ ਸਮੇਂ ਸਵੇਰੇ ਉਨ੍ਹਾਂ ਦਾ ਪੁੱਤਰ ਪ੍ਰਦੀਪ ਸਿੰਘ ਖਾਲਸਾ ਘਰ ਸੀ ਅਤੇ ਜੇਕਰ ਕੋਈ ਅਜਿਹੀ ਗੱਲ ਹੁੰਦੀ ਤਾਂ ਉਨ੍ਹਾਂ ਦਾ ਪੁੱਤਰ ਨੇ ਘਰ ਨਹੀਂ ਸੀ ਆਉਣਾ ਅਤੇ ਉਸ ਦੀ ਉਮਰ 24 ਕੁ ਸਾਲਾਂ ਦੀ ਹੈ। ਪੁਲੀਸ ਇਹ ਪੁੱਛਗਿਛ ਕਰ ਰਹੀ ਸੀ ਕਿ ਪ੍ਰਦੀਪ ਕਿੱਥੇ ਹੈ ਅਤੇ ਅਸੀਂ ਪੁੱਛਿਆ ਕੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪੁੱਛਗਿਛ ਹੀ ਕਰਨੀ ਹੈ ਅਤੇ ਉਨ੍ਹਾਂ ਚੈਕਿੰਗ ਹੀ ਕੀਤੀ,ਪਰ ਦੱਸਿਆ ਕੁੱਝ ਨਹੀਂ ਅਤੇ ਬਾਥਰੂਮ ’ਚ ਪ੍ਰਦੀਪ ਸਿੰਘ ਖਾਲਸਾ ਸੀ, ਉਸ ਨੂੰ ਬਾਹਰ ਨਿਕਲਣ ਲਈ ਕਿਹਾ ਤੇ ਉਸ ਨੂੰ ਸਿਰ ਵੀ ਵਾਹੁਣ ਨਹੀਂ ਦਿੱਤਾ। ਮੁਲਾਜ਼ਮਾਂ ਨੇ ਬਾਹਰ ਵੀ ਨਹੀਂ ਦੇਖਣ ਦਿੱਤਾ।
ਸੰਭੁ ਨੇੜੇ ਰੇਲਵੇ ਲਾਈਨ ਤੇ ਹੋਏ ਬਲਾਸਟ ਮਾਮਲੇ ਦੀਆਂ ਤਾਰਾਂ ਪਾਕਿਸਤਾਨ ਦੀ isi ਨਾਲ ਜੁੜ ਗਈਆਂ ਨੇ ਜਿਸਤੋਂ ਬਾਅਦ ਪਟਿਆਲਾ ਪੁਲਿਸ ਨੇ ਬਲਾਸਟ ਦੌਰਾਨ ਮਾਰੇ ਗਏ ਜਗਰੂਪ ਸਿੰਘ ਦੇ ਚਾਰ ਸਾਥੀਆਂ ਨੂੰ ਕਾਬੂ ਕੀਤਾ ਹੈ, ਮੀਡੀਆ ਨੂੰ ਜਾਣਕਾਰੀ ਦਿੰਦੇ ਪਟਿਆਲਾ ਰੇਂਜ ਦੇ dig ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਜਗਰੂਪ ਸਿੰਘ ਨੇ ਹੀ ਬੰਬ ਪਲਾਂਟ ਕੀਤਾ ਸੀ ਅਤੇ ਬਲਾਸਟ ਮੌਕੇ ਹੀ ਉਸਦੀ ਮੌਤ ਹੋਈ, ਓਹਨਾ ਦਸਿਆ ਕਿ ਪ੍ਰੋ ਖਾਲਿਸਤਾਨੀ ਗੁੱਟ ਮਲੇਸ਼ੀਆਂ ਤੋ ਅਪਰੇਟ ਹੋ ਰਿਹਾ ਸੀ ਅਤੇ ਕਾਬੂ ਕੀਤੇ ਗਏ ਚਾਰ ਮੁਲਜ਼ਮ ਪ੍ਰਦੀਪ ਸਿੰਘ ਖਾਲਸਾ,ਕੁਲਵਿੰਦਰ ਸਿੰਘ,ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜਿਹਨਾ ਵਿੱਚੋ ਪ੍ਰਦੀਪ ਸਿੰਘ ਖਾਲਸਾ ਮੁੱਖ ਸਰਗਨਾ ਸੀ ਅਤੇ ਸਤਨਾਮ ਸਿੰਘ ਮ੍ਰਿਤਕ ਜਗਰੂਪ ਦਾ ਭਰਾ ਹੈ। ਉਹਨਾਂ ਦੱਸਿਆ ਕਿ ਬਲਾਸਟ ਲਈ RDX ਦਾ ਇਸਤੇਮਾਲ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਜਗਰੂਪ ਸਿੰਘ 2019 'ਚ ਮਲੇਸ਼ੀਆਂ ਵੀ ਗਿਆ ਸੀ ਜਿਸਤੇ 2024 'ਚ ਤਰਨਤਾਰਨ ਵਿਖੇ ਇੱਕ ਮਾਮਲਾ ਦਰਜ ਹੋਇਆ ਪਾਇਆ ਗਿਆ।
DIG ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਤੋਂ ਇੱਕ ਹੈਂਡ ਗਰਨੇਡ, ਦੋ 32 ਬੋਰ ਦੇ ਪਿਸਟਲ , detonetor ਤੇ ਟੈਕਨੀਕਲ ਸਾਮਾਨ ਵੀ ਬਰਾਮਦ ਕੀਤਾ ਗਿਆ।