ਫਿਰੋਜ਼ਪੁਰ, ਜੀਰਾ (ਤੀਰਥ ਸਨੇਰ) : ਫਿਰੋਜ਼ਪੁਰ ਸ਼ਹਿਰ ਦੀ ਨਿਜ਼ਾਮਦੀਨ ਬਸਤੀ ਨੇੜੇ ਸਥਿਤ ਹੱਡਾ ਰੋੜੀ ’ਚ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ ਗਊ ਹੱਤਿਆ ਦੇ ਅੱਡੇ ਦਾ ਪਰਦਾਫਾਸ਼ ਹੋਇਆ ਹੈ। ਸ੍ਰੀ ਕ੍ਰਿਸ਼ਨਾ ਗਊ ਧਾਮ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਚੌਕਸੀ ਕਾਰਨ ਕਈ ਜੀਵਿਤ ਗਾਵਾਂ ਨੂੰ ਦਰਿੰਦਗੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲੀ, ਜਦਕਿ ਦੋਸ਼ੀ ਭੱਜਣ ’ਚ ਕਾਮਯਾਬ ਹੋ ਗਏ। ਮੌਕੇ ਤੋਂ ਸ਼ੱਕੀ ਸਮਾਨ, ਖੱਲਾਂ ਅਤੇ ਵਾਹਨ ਜ਼ਬਤ ਕਰ ਕੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਫ਼ਿਰੋਜ਼ਪੁਰ ਸ਼ਹਿਰ ਦੇ ਨਿਜ਼ਾਮਦੀਨ ਬਸਤੀ ਇਲਾਕੇ ’ਚ ਉਸ ਵੇਲੇ ਭਾਰੀ ਤਣਾਅ ਤੇ ਰੋਸ ਫੈਲ ਗਿਆ, ਜਦੋਂ ਨੇੜਲੀ ਹੱਡਾ ਰੋੜੀ ਵਿੱਚ ਗਊ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ‘ਸ੍ਰੀ ਕ੍ਰਿਸ਼ਨਾ ਗਊ ਧਾਮ’ ਦੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਆਪਣੇ ਸਾਥੀਆਂ ਅਤੇ ਸਥਾਨਕ ਲੋਕਾਂ ਸਮੇਤ ਤੁਰੰਤ ਘਟਨਾ ਸਥਾਨ ’ਤੇ ਪੁੱਜੇ। ਗਊ ਭਗਤਾਂ ਨੇ ਮੌਕੇ ’ਤੇ ਪਹੁੰਚ ਕੇ ਕਈ ਬੇਜ਼ੁਬਾਨ ਜੀਵਾਂ ਨੂੰ ਬੇਰਹਮੀ ਨਾਲ ਵੱਢੇ ਜਾਣ ਤੋਂ ਬਚਾਇਆ ਅਤੇ ਸੁਰੱਖਿਅਤ ਬਾਹਰ ਕੱਢਿਆ।
ਮੁੱਖ ਸੇਵਾਦਾਰ ਹਰਭਜਨ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਗਾਵਾਂ ਦੀ ਬਲੀ ਦੇਣ ਅਤੇ ਉਨ੍ਹਾਂ ਦਾ ਮਾਸ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹ ਆਪਣੇ ਸਾਥੀਆਂ ਸਮੇਤ ਪਿਛਲੇ ਲਗਭਗ ਦੋ ਹਫ਼ਤਿਆਂ 10 ਤੋਂ 15 ਦਿਨਾਂ ਤੋਂ ਇਸ ਇਲਾਕੇ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਉਨ੍ਹਾਂ ਰੌਂਗਟੇ ਖੜ੍ਹੇ ਕਰਨ ਵਾਲਾ ਦਾਅਵਾ ਕੀਤਾ ਕਿ ਜਦੋਂ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਦੇ ਅੱਖਾਂ ਸਾਹਮਣੇ ਹੀ ਇੱਕ ਜਿਊਂਦੀ ਗਾਂ ਨੂੰ ਬੇਰਹਮੀ ਨਾਲ ਵੱਢਿਆ ਜਾ ਰਿਹਾ ਸੀ। ਹਰਭਜਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਅਪਰਾਧ ਦਾ ਵਿਰੋਧ ਕੀਤਾ, ਤਾਂ ਮੌਕੇ ’ਤੇ ਮੌਜ਼ੂਦ ਸਮਾਜ ਵਿਰੋਧੀ ਅਨਸਰਾਂ ਨੇ ਉਨ੍ਹਾਂ ਉੱਪਰ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਗਊ ਭਗਤਾਂ ਨੇ ਸਮੇਂ ਸਿਰ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਸੀ। ਪੁਲਿਸ ਦੀਆਂ ਗੱਡੀਆਂ ਦਾ ਹੂਟਰ ਸੁਣਦਿਆਂ ਹੀ ਕਥਿਤ ਦੋਸ਼ੀ ਆਪਣੇ ਹਥਿਆਰ ਤੇ ਸਮਾਨ ਛੱਡ ਕੇ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਏ।
ਇਸ ਬਾਰੀਕੀ ਨਾਲ ਕੀਤੀ ਛਾਪੇਮਾਰੀ ਦੌਰਾਨ ਮੌਕੇ ਤੋਂ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸਾਹਮਣੇ ਆਏ। ਘਟਨਾ ਸਥਾਨ ਤੋਂ ਗਾਵਾਂ ਦੇ ਨਾਲ-ਨਾਲ ਛੋਟੀਆਂ ਵੱਛੀਆਂ ਦੀਆਂ ਲਾਹੀਆਂ ਹੋਈਆਂ ਖੱਲਾਂ, ਕੱਟੇ ਹੋਏ ਅੰਗ ਅਤੇ ਪੈਰ ਬਰਾਮਦ ਹੋਏ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਉੱਥੇ ਮਾਸ ਨੂੰ ਸਾਫ਼ ਕਰਨ ਅਤੇ ਧੋਣ ਲਈ ਵਰਤੀਆਂ ਜਾਣ ਵਾਲੀਆਂ ਖਾਸ ਵਾਸ਼ਿੰਗ ਮਸ਼ੀਨਾਂ, ਪਸ਼ੂਆਂ ਨੂੰ ਵੱਢਣ ਲਈ ਵਰਤੇ ਜਾਂਦੇ ਵੱਡੇ-ਵੱਡੇ ਲੱਕੜ ਦੇ ਮੁੱਢ ਅਤੇ ਧਾਰਦਾਰ ਔਜ਼ਾਰ ਵੀ ਬਰਾਮਦ ਹੋਏ ਹਨ। ਇਸ ਮੌਕੇ ਹਾਜ਼ਰ ਸਾਬਕਾ ਐੱਮਸੀ ਬੇਅੰਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਹਰਭਜਨ ਸਿੰਘ ਨਾਲ ਮਿਲ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਕਈ ਜਿਊਂਦੀਆਂ ਗਾਵਾਂ ਨੂੰ ਮੁਕਤ ਕਰਵਾਇਆ। ਪੁਲਿਸ ਨੇ ਇਨ੍ਹਾਂ ਸਾਰੀਆਂ ਗਾਵਾਂ ਨੂੰ ਸੁਰੱਖਿਅਤ ਸ੍ਰੀ ਕ੍ਰਿਸ਼ਨਾ ਗਊ ਧਾਮ ਵਿਖੇ ਪਹੁੰਚਾ ਦਿੱਤਾ ਹੈ, ਜਿੱਥੇ ਉਨ੍ਹਾਂ ਦੇ ਚਾਰੇ-ਪਾਣੀ ਅਤੇ ਦੇਖਭਾਲ ਦਾ ਪ੍ਰਬੰਧ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਸੈਂਪਲ ਲੈਣ ਲਈ ਬੁਲਾਇਆ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਇਤਲਾਹ ਮਿਲੀ, ਟੀਮਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ’ਚ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਅਪਰਾਧ ਵਿਚ ਸ਼ਾਮਲ ਕੁਝ ਮੁੱਖ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਪੂਰੇ ਮਾਮਲੇ ਦੀ ਲਗਨ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਖ਼ਬਰਾਂ
ਹੱਡਾ ਰੋੜੀ ’ਚ ਜਿਉਂਦੀਆਂ ਗਾਵਾਂ ਹੋ ਰਹੀਆਂ ਸਨ ਦਰਿੰਦਗੀ ਦਾ ਸ਼ਿਕਾਰ,ਮੌਕੇ ਤੋਂ ਜਿਊਂਦੀਆਂ ਗਾਵਾਂ, ਵੱਛੀਆਂ ਦੀਆਂ ਖੱਲਾਂ ਤੇ ਮਾਸ ਧੋਣ ਵਾਲੀਆਂ ਮਸ਼ੀਨਾਂ ਬਰਾਮਦ
* ‘ਸ੍ਰੀ ਕ੍ਰਿਸ਼ਨਾ ਗਊ ਧਾਮ’ ਦੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਆਪਣੇ ਸਾਥੀਆਂ ਅਤੇ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਕਈ ਬੇਜ਼ੁਬਾਨ ਜੀਵਾਂ ਨੂੰ ਬੇਰਹਮੀ ਨਾਲ ਵੱਢੇ ਜਾਣ ਤੋਂ ਬਚਾਇਆ
27 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



