ਜੋਗਿੰਦਰ ਸਿੰਘ ਮਾਨ/ਸੰਗਾਰਾ ਸਿੰਘ ਅਕਲੀਆ
(ਜੋਗਾ) ਮਾਨਸਾ, 5 ਅਗਸਤ
ਇੱਕ ਨਿੱਜੀ ਸਕੂਲ ਹਿੱਸੇਦਾਰੀ ਵਿੱਚ ਲੈਣ-ਦੇਣ ਨੂੰ ਲੈਕੇ ਪ੍ਰੇਸ਼ਾਨ ਇੱਕ ਮਹਿਲਾ ਵੱਲੋਂ ਖੁਦਕੁਸ਼ੀ ਕਰਨ ਲੈਣ ਦੇ ਮਾਮਲੇ ’ਚ ਅਧਿਆਪਕ ਜੋੜੇ ’ਤੇ ਪਰਚਾ ਦਰਜ ਕਰਨ ਦੇ ਮਾਮਲੇ ਨੇ ਤੂਲ ਫੜ੍ਹ ਲਿਆ ਹੈ। ਜੋਗਾ ਪੁਲੀਸ ਨੇ ਕੁੱਝ ਦਿਨ ਪਹਿਲਾਂ ਪਿੰਡ ਅਕਲੀਆ ਦੀ ਵਿਆਹੁਤਾ ਕਿਰਨਜੀਤ ਕੌਰ ਵੱਲੋਂ ਖੁਦਕੁਸ਼ੀ ਕਰ ਲੈਣ ਨੂੰ ਲੈਕੇ ਅਧਿਆਪਕ ਜਗਤਾਰ ਸਿੰਘ ਅਤੇ ਉਸਦੀ ਪਤਨੀ ਮਨਪ੍ਰੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਦੇ ਵਿਰੋਧ ਵਿੱਚ ਅੱਜ ਅਧਿਆਪਕ ਜੋੜੇ ਦੇ ਮਾਪੇ ਤੇਲ ਦੀ ਬੋਤਲ ਲੈਕੇ ਪਿੰਡ ਵਿੱਚ ਵਾਟਰ ਵਰਕਸ ਦੀ ਟੈਂਕੀ ਉਤੇ ਚੜ੍ਹ ਗਏ, ਜਿੰਨਾਂ ਨੇ ਪਰਚਾ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਤੇਲ ਪਾਕੇ ਆਤਮ ਹੱਤਿਆ ਕਰਨਗੇ।
ਉਧਰ ਮਿ੍ਰਤਕ ਕਿਰਨਜੀਤ ਕੌਰ ਦੇ ਪਰਿਵਾਰ ਨੇ ਕਸੂਰਵਾਰਾਂ ਦੀ ਗਿ੍ਰਫ਼ਤਾਰੀ ਨਾ ਕਰਨ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਦੀ ਸ਼ਾਮ ਤੱਕ ਦੋਵਾਂ ਧਿਰਾਂ ਵਿੱਚ ਕੋਈ ਵੀ ਸਹਿਮਤੀ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਇੱਕ ਨਿੱਜੀ ਸਕੂਲ ਦੀ ਹਿੱਸੇਦਾਰੀ ਦੇ ਹਿਸਾਬ ਨੂੰ ਲੈਕੇ ਦੇਣਦਾਰੀ ਨਾ ਦੇਣ ਤੋਂ ਪ੍ਰੇਸ਼ਾਨ ਹਿੱਸੇਦਾਰ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਜ਼ਹਿਰੀਲੀ ਚੀਜ਼ ਖਾਕੇ ਆਪਣੀ ਜਾਨ ਦੇ ਦਿੱਤੀ ਸੀ। ਜੋਗਾ ਪੁਲੀਸ ਨੇ ਮਿ੍ਰਤਕ ਪਤੀ ਦੇ ਬਿਆਨਾਂ ’ਤੇ ਅਧਿਆਪਕ ਜਗਤਾਰ ਸਿੰਘ ਅਤੇ ਉਸਦੀ ਪਤਨੀ ਅਧਿਆਪਕਾ ਮਨਪ੍ਰੀਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।
ਇਸਦੇ ਵਿਰੋਧ ਵਿੱਚ ਅੱਜ ਜਗਤਾਰ ਸਿੰਘ ਦੇ ਮਾਪੇ ਪਿਤਾ ਹਮੀਰ ਸਿੰਘ ਅਤੇ ਮਾਤਾ ਹਰਜੀਤ ਕੌਰ ਵਾਸੀ ਪਿੰਡ ਝੱਬਰ ਤੇਲ ਦੀਆਂ ਬੋਤਲਾਂ ਅਤੇ ਖੁਦਕੁਸ਼ੀ ਨੋਟ ਲੈਕੇ ਵਾਟਰ ਵਰਕਸ ਦੀ ਟੈਂਕੀ ’ਤੇ ਜਾ ਚੜ੍ਹੇ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਵਿੱਚ ਤਫਤੀਸ਼ ਕਰਨੀ ਚਾਹੀਦੀ ਹੈ ਅਤੇ ਇਸ ਮੌਤ ਦਾ ਸੱਚ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਲੱਖਾ ਸਿੰਘ ਦੀ ਪਤਨੀ ਕਿਰਨਜੀਤ ਕੌਰ ਨੇ ਘਰੇਲੂ ਅਤੇ ਹੋਰ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ ਹੈ। ਇਸ ਨਾਲ ਉਸਦੇ ਪੁੱਤ ਅਤੇ ਨੰਹੂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਲੱਖਾ ਸਿੰਘ ਸਕੂਲ ਵਿਚੋਂ ਪੈਸੇ ਲੈ ਚੁੱਕਾ ਹੈ ਅਤੇ ਹੁਣ ਜਾਣ-ਬੁੱਝਕੇ ਉਸ ਨੂੰ ਇਸ ਮਾਮਲੇ ਵਿੱਚ ਘਸੀਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲੀਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਨ ਦਾ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਦੂਜੇ ਪਾਸੇ ਮਿ੍ਰਤਕਾ ਕਿਰਨਜੀਤ ਕੌਰ ਦੇ ਪਤੀ ਲੱਖਾ ਸਿੰਘ, ਦਿਓਰ ਹਰਬੰਸ ਸਿੰਘ ਬਬਲੀ ਨੇ ਕਸੂਰਵਾਰਾਂ ਦੀ ਗਿ੍ਰਫ਼ਤਾਰੀ ਹੋਣ ਤੱਕ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੇ ਮੁਤਾਬਕ ਸਕੂਲ ਵਿੱਚ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਲੈਣਦਾਰੀ ਹੈ। ਇਸ ਸਭ ਨੂੰ ਹੜੱਪਣ ਲਈ ਹੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਹਨ।
ਦੋਹਾਂ ਧਿਰਾਂ ਵਿੱਚ ਸਹਿਮਤੀ ਬਣਾਉਣ ਨੂੰ ਲੈਕੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਲੱਗਿਆ ਰਿਹਾ, ਪਰ ਦੋਵੇਂ ਧਿਰਾਂ ਆਪਣੀ-ਆਪਣੀ ਮੰਗ ’ਤੇ ਅੜੀਆਂ ਹੋਈਆਂ ਹਨ ਅਤੇ ਉਨ੍ਹਾਂ ਵਿੱਚ ਆਪਸੀ ਸਹਿਮਤੀ ਨਹੀਂ ਹੋ ਸਕੀ ਹੈ।