ਅੰਮ੍ਰਿਤਸਰ,27 ਅਪ੍ਰੈਲ (ਜਸ਼ਨ ) ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਇਕ ਕਥਿਤ ਪਰਿਵਾਰ ਦੇ ਘਰ ਉੱਤੇ ਕਾਰਪੋਰੇਸ਼ਨ ਵੱਲੋਂ ਡੈਮੋਲੇਸ਼ਨ ਕਾਰਵਾਈ ਕੀਤੀ ਗਈ। ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਸ਼ਾਮਲ ਰਿਹਾ ਹੈ। ਪਰਿਵਾਰ ਦੀ ਮੁਖੀ 66 ਸਾਲਾ ਔਰਤ ਇਸ ਵੇਲੇ ਜੇਲ੍ਹ ਵਿੱਚ ਹੈ ਅਤੇ ਉਸ ਖ਼ਿਲਾਫ਼ 11 ਐਫਆਈਆਰ ਦਰਜ ਹਨ। ਉਸ ਦੀ ਧੀ ਅਤੇ ਹੋਰ ਪਰਿਵਾਰਕ ਮੈਂਬਰਾਂ ਉੱਤੇ ਵੀ ਵੱਖ-ਵੱਖ ਮਾਮਲੇ ਦਰਜ ਹਨ ਅਤੇ ਕਈ ਮੈਂਬਰ ਇਸ ਸਮੇਂ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਸਮਾਜ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਗੈਰਕਾਨੂੰਨੀ ਕਮਾਈ ਨਾਲ ਬਣਾਈ ਜਾਇਦਾਦ ਦਾ ਅੰਤ ਇਹੀ ਹੁੰਦਾ ਹੈ। ਕਾਨੂੰਨ ਦੇ ਹੱਥ ਲੰਬੇ ਹਨ ਅਤੇ ਕੋਈ ਵੀ ਦੋਸ਼ੀ ਬਚ ਨਹੀਂ ਸਕਦਾ। ਮਕਬੂਲਪੁਰਾ ਵਰਗੇ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਕਾਰਵਾਈਆਂ ਜਾਰੀ ਰਹਿਣਗੀਆਂ।ਸੀਪੀ ਭੁੱਲਰ ਨੇ ਦੱਸਿਆ ਕਿ 1 ਜਨਵਰੀ 2026 ਤੋਂ ਹੁਣ ਤੱਕ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ NDPS ਐਕਟ ਹੇਠ 634 ਕੇਸ ਦਰਜ ਕੀਤੇ ਹਨ। 81 ਸਮਗਲਰ ਗ੍ਰਿਫ਼ਤਾਰ ਕੀਤੇ ਗਏ ਹਨ। 40 ਕਿਲੋ ਤੋਂ ਵੱਧ ਹੈਰੋਇਨ, 8 ਕਿਲੋ ਅਫੀਮ, ਮੈਥਾਫੈਟਾਮਾਈਨ ਆਈਸ, ਕੈਪਸੂਲ, ਡਰੱਗ ਮਨੀ ਅਤੇ ਵਾਹਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਛੁਡਾਊ ਮੁਹਿੰਮ ਤਹਿਤ 5000 ਤੋਂ ਵੱਧ ਨਸ਼ਾ ਪੀੜਤਾਂ ਨੂੰ ਡੀ-ਐਡੀਕਸ਼ਨ ਸੈਂਟਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ। 64ਏ ਤਹਿਤ ਇਲਾਜ ਲਈ ਵੀ ਕਈ ਲੋਕਾਂ ਨੂੰ ਮੌਕਾ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਜਾਣਕਾਰੀ ਗੁਪਤ ਤੌਰ ’ਤੇ ਪੁਲਿਸ ਨਾਲ ਸਾਂਝੀ ਕਰਨ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਅਪਰਾਧੀ ਨਹੀਂ, ਸਗੋਂ ਮਰੀਜ਼ ਸਮਝ ਕੇ ਇਲਾਜ ਲਈ ਅੱਗੇ ਲਿਆਂਦਾ ਜਾਵੇ।
DRUGS
ਨਸ਼ਾ ਤਸਕਰ ਪਰਿਵਾਰ ਦਾ ਘਰ ਢਾਹਿਆ, ਮਕਬੂਲਪੁਰਾ ਵਿੱਚ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ
* ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ
28 ਅਪ੍ਰੈਲ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



