ਫਿਰੋਜ਼ਪੁਰ, ਜੀਰਾ (ਤੀਰਥ ਸਨੇਰ): ਫਿਰੋਜ਼ਪੁਰ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਫਿਰੋਜ਼ਪੁਰ-ਮੋਗਾ ਰੋਡ ਸਥਿਤ ਇੱਕ ਨਿੱਜੀ ਕਾਲੋਨੀ ਵਿੱਚ ਚੱਲ ਰਹੀ ਕਥਿਤ ਨੂਡਲਜ਼ ਫੈਕਟਰੀ ‘ਤੇ ਅਚਾਨਕ ਛਾਪੇਮਾਰੀ ਕੀਤੀ। ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਵਿਭਾਗ ਦੀ ਟੀਮ ਨੇ ਫੈਕਟਰੀ ਵਿੱਚ ਅਜਿਹੀਆਂ ਗੰਭੀਰ ਬੇਨਿਯਮੀਆਂ ਦੇਖੀਆਂ, ਜਿਨ੍ਹਾਂ ਨੇ ਖਾਦ ਸੁਰੱਖਿਆ ਪ੍ਰਬੰਧਾਂ ‘ਤੇ ਕਈ ਸਵਾਲ ਖੜ੍ਹੇ ਕਰ ਦਿੱਤੇ। ਜਾਂਚ ਮਗਰੋਂ ਵਿਭਾਗ ਨੇ ਫੈਕਟਰੀ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਇਕਾਈ ਬਿਨਾਂ ਕਿਸੇ ਵੈਧ ਫੂਡ ਸੇਫਟੀ ਲਾਇਸੈਂਸ ਦੇ ਚਲਾਈ ਜਾ ਰਹੀ ਸੀ। ਫੈਕਟਰੀ ਵਿੱਚ ਸਫ਼ਾਈ ਦੇ ਪ੍ਰਬੰਧ ਬਹੁਤ ਹੀ ਮਾੜੇ ਪਾਏ ਗਏ। ਨੂਡਲਜ਼ ਅਤੇ ਹੋਰ ਖਾਦ ਪਦਾਰਥ ਅਜਿਹੇ ਮਾਹੌਲ ਵਿੱਚ ਤਿਆਰ ਕੀਤੇ ਜਾ ਰਹੇ ਸਨ, ਜਿੱਥੇ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਸੀ। ਹੋਰ ਵੀ ਹੈਰਾਨੀਜਨਕ ਗੱਲ ਇਹ ਸੀ ਕਿ ਨੂਡਲਜ਼ ਬਣਾਉਣ ਦੀ ਪ੍ਰਕਿਰਿਆ ਟਾਇਲਟ ਦੇ ਬਿਲਕੁਲ ਨੇੜੇ ਚੱਲ ਰਹੀ ਸੀ, ਜੋ ਖਾਦ ਸੁਰੱਖਿਆ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਤਿਆਰ ਕੀਤੇ ਗਏ ਖਾਣ-ਪੀਣ ਦੇ ਪਦਾਰਥ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੇ ਹਨ।
ਛਾਪੇਮਾਰੀ ਦੌਰਾਨ ਟੀਮ ਨੂੰ ਫੈਕਟਰੀ ਦੇ ਅੰਦਰ ਕੁਝ ਖਾਲੀ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਵਿਭਾਗ ਨੇ ਇਨ੍ਹਾਂ ਸਮੇਤ ਹੋਰ ਸਾਰੇ ਤੱਥਾਂ ਨੂੰ ਜਾਂਚ ਦਾ ਹਿੱਸਾ ਬਣਾਇਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਫੈਕਟਰੀ ਵਿੱਚ ਹੋਰ ਕਿਸੇ ਕਿਸਮ ਦੀ ਬੇਨਿਯਮੀ ਤਾਂ ਨਹੀਂ ਹੋ ਰਹੀ ਸੀ। ਫੂਡ ਸੇਫਟੀ ਅਫਸਰ ਅਭਿਨਵ ਖੌਸਲਾ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ ’ਤੇ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਮੌਕੇ ਤੋਂ ਨੂਡਲਜ਼ ਅਤੇ ਹੋਰ ਖਾਦ ਪਦਾਰਥਾਂ ਦੇ ਸੈਂਪਲ ਇਕੱਠੇ ਕਰਕੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਗਏ ਹਨ। ਇਸ ਦੇ ਨਾਲ ਹੀ ਉਹ ਸਮਾਨ, ਜੋ ਮਿਆਰਾਂ ਅਨੁਸਾਰ ਠੀਕ ਨਹੀਂ ਸੀ ਜਾਂ ਸ਼ੱਕੀ ਹਾਲਤ ਵਿੱਚ ਮਿਲਿਆ, ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾਇਆ ਗਿਆ। ਅਧਿਕਾਰੀਆਂ ਮੁਤਾਬਕ ਫੈਕਟਰੀ ਕੋਲ ਨਾ ਤਾਂ ਕੋਈ ਵੈਧ ਲਾਇਸੈਂਸ ਸੀ ਅਤੇ ਨਾ ਹੀ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਤਹਿਤ ਲਾਜ਼ਮੀ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਇਸ ਕਾਰਨ ਫੈਕਟਰੀ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਜੇਕਰ ਖਾਦ ਪਦਾਰਥ ਮਨੁੱਖੀ ਸਿਹਤ ਲਈ ਅਣਉਚਿਤ ਜਾਂ ਮਿਲਾਵਟੀ ਪਾਏ ਗਏ ਤਾਂ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਹੋਰ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਭਾਗ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਥਿਤ ਨੂਡਲਜ਼ ਫੈਕਟਰੀ ਇੰਨੇ ਲੰਬੇ ਸਮੇਂ ਤੱਕ ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਉਲੰਘਣਾ ਕਰਦਿਆਂ ਕਿਵੇਂ ਚੱਲਦੀ ਰਹੀ ਅਤੇ ਇਸ ਦੌਰਾਨ ਇਸ ਦਾ ਤਿਆਰ ਕੀਤਾ ਸਮਾਨ ਕਿੱਥੇ-ਕਿੱਥੇ ਸਪਲਾਈ ਕੀਤਾ ਜਾਂਦਾ ਸੀ। ਸਿਹਤ ਵਿਭਾਗ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਖਾਦ ਪਦਾਰਥ ਦੀ ਗੁਣਵੱਤਾ ਜਾਂ ਸਫ਼ਾਈ ਨੂੰ ਲੈ ਕੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਮਾਲਵੇ ਦੇ ਉੱਘੇ ਡਾਕਟਰ ਸੀਮਾਂਤ ਗਰਗ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਨੂਡਲਜ਼ ਖਾਣ ਦੇ ਸ਼ੌਕੀਨ ਪਾਏਦਾਰ ਕੰਪਨੀਆਂ ਦੇ ਬੰਦ ਪੈਕੇਟ ਘਰੇ ਲਿਆ ਕੇ ਨੂਡਲਸ ਤਿਆਰ ਕਰ ਕੇ ਖਾਣ ਵਰਨਾ ਉਹ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਨੇ। ਉਹਨਾਂ ਇਹ ਵੀ ਸਲਾਹ ਦਿੱਤੀ ਕਿ ਹੋ ਸਕੇ ਤਾਂ ਰਵਾਇਤੀ ਸੇਮੀਆਂ ਘਰੇ ਤਿਆਰ ਕਰਕੇ ਖਾਧੀਆਂ ਜਾ ਸਕਦੀਆਂ ਨੇ ।




