ਰਈਆ 20 ਸਤੰਬਰ (ਜਸ਼ਨ ) ਅੱਜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਲੀਗਲ ਸੈਲ ਦੀ ਇੱਕ ਅਹਿਮ ਅਤੇ ਵਿਸ਼ੇਸ਼ ਪਹਿਲੀ ਮੀਟਿੰਗ ਹੋਈ। ਮੀਟਿੰਗ ਦੌਰਾਨ ਪਾਰਟੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ, ਸੰਗਠਨ ਨੂੰ ਦਰਪੇਸ਼ ਵੱਖ-ਵੱਖ ਕਾਨੂੰਨੀ ਮਾਮਲਿਆਂ ਅਤੇ ਭਵਿੱਖ ਵਿੱਚ ਪਾਰਟੀ ਨੂੰ ਕਾਨੂੰਨੀ ਪੱਖੋਂ ਹੋਰ ਮਜ਼ਬੂਤ ਸਹਿਯੋਗ ਪ੍ਰਦਾਨ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਲੀਗਲ ਸੈੱਲ ਦੀ ਭੂਮਿਕਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਵੀ ਵਿਚਾਰ ਕੀਤਾ ਗਿਆ। ਆਗੂਆਂ ਵੱਲੋਂ ਕਿਹਾ ਗਿਆ ਕਿ ਪਾਰਟੀ ਦੀਆਂ ਗਤੀਵਿਧੀਆਂ ਦੌਰਾਨ ਜੇਕਰ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਸਬੰਧੀ ਕਾਨੂੰਨੀ ਮਾਹਿਰਾਂ ਦੀ ਸਲਾਹ ਅਤੇ ਲੋੜੀਂਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਲਈ ਲੀਗਲ ਸੈਲ ਨੂੰ ਸਰਗਰਮ ਅਤੇ ਸੁਚੱਜੇ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਵੱਖ-ਵੱਖ ਕਾਨੂੰਨੀ ਮਾਮਲਿਆਂ ਦੀ ਮੌਜੂਦਾ ਸਥਿਤੀ, ਭਵਿੱਖ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਕਾਨੂੰਨੀ ਪੱਖੋਂ ਮਾਰਗਦਰਸ਼ਨ ਦੇਣ ਨਾਲ ਸਬੰਧਤ ਕਈ ਅਹਿਮ ਨੁਕਤਿਆਂ ’ਤੇ ਵੀ ਵਿਚਾਰ-ਚਰਚਾ ਕੀਤੀ ਗਈ। ਲੀਗਲ ਸੈੱਲ ਦੇ ਮੈਂਬਰਾਂ ਨੇ ਆਪਣੇ ਤਜਰਬੇ ਅਤੇ ਸੁਝਾਅ ਸਾਂਝੇ ਕਰਦਿਆਂ ਪਾਰਟੀ ਨੂੰ ਕਾਨੂੰਨੀ ਪੱਧਰ ’ਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਐਡਵੋਕੇਟ ਗੁਰਪ੍ਰੀਤ ਸਿੰਘ ਪ੍ਰਧਾਨ, ਐਡਵੋਕੇਟ ਹਰਜੋਤ ਸਿੰਘ ਮਾਨ ਜਨਰਲ ਸਕੱਤਰ, ਐਡਵੋਕੇਟ ਰਣਜੋਧ ਸਿੰਘ ਮੀਤ ਪ੍ਰਧਾਨ, ਐਡਵੋਕੇਟ ਕਰਮਵੀਰ ਸਿੰਘ ਮੀਤ ਪ੍ਰਧਾਨ, ਐਡਵੋਕੇਟ ਕਰਨਵੀਰ ਸਿੰਘ ਸਕੱਤਰ, ਐਡਵੋਕੇਟ ਜੱਜਪ੍ਰੀਤ ਸਿੰਘ, ਐਡਵੋਕੇਟ ਜੋਏਸ਼ ਲੋਮਸ, ਐਡਵੋਕੇਟ ਆਕਾਸ਼ ਮਹਾਜਨ ਅਤੇ ਐਡਵੋਕੇਟ ਬਰਜਿੰਦਰ ਸਿੰਘ ਸਮੇਤ ਲੀਗਲ ਸੈਲ ਨਾਲ ਜੁੜੇ ਹੋਰ ਸਾਥੀ ਹਾਜ਼ਰ ਸਨ। ਇਸ ਮੌਕੇ ਪਾਰਟੀ ਦੇ ਮੁੱਖ ਦਫ਼ਤਰ ਸਕੱਤਰ ਸ. ਪ੍ਰਗਟ ਸਿੰਘ ਮਿਆਵਿੰਡ, ਸਹਾਇਕ ਦਫ਼ਤਰ ਸਕੱਤਰ ਭਾਈ ਜਤਿੰਦਰ ਸਿੰਘ ਮਹਿਤਾ ਅਤੇ ਹੋਰ ਪਾਰਟੀ ਆਗੂਆਂ ਵੱਲੋਂ ਲੀਗਲ ਸੈਲ ਨਾਲ ਜੁੜੇ ਸਾਥੀਆਂ ਨੂੰ ਸਿਰੋਪਾਓ ਦੇਕੇ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਆਗੂਆਂ ਅਤੇ ਲੀਗਲ ਸੈੱਲ ਦੇ ਮੈਂਬਰਾਂ ਨੇ ਪਾਰਟੀ ਦੀਆਂ ਨੀਤੀਆਂ, ਸੰਗਠਨਾਤਮਕ ਗਤੀਵਿਧੀਆਂ ਅਤੇ ਕਾਨੂੰਨੀ ਪੱਖ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਦੇ ਅੰਤ ਵਿੱਚ ਪਾਰਟੀ ਦੇ ਕਾਨੂੰਨੀ ਵਿੰਗ ਨੂੰ ਹੋਰ ਸੁਚੱਜਾ, ਸਰਗਰਮ ਅਤੇ ਮਜ਼ਬੂਤ ਬਣਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ’ਤੇ ਜ਼ੋਰ ਦਿੱਤਾ ਗਿਆ।