ਧਰਮਕੋਟ, 30 ਜੁਲਾਈ (ਜਸ਼ਨ )ਆਜ਼ਾਦੀ ਤੋਂ ਬਾਅਦ ਪਛੜੇ ਖੇਤਰ ਵਜੋਂ ਜਾਣੇ ਜਾਂਦੇ ਧਰਮਕੋਟ ਹਲਕੇ ਨੂੰ ਹੁਣ ਸਿਖਿਆ ਹੱਬ ਵਜੋਂ ਜਾਣਿਆ ਜਾਣ ਲੱਗਾ ਹੈ। ਅਨੇਕਾਂ ਸਕੂਲਾਂ ਅਤੇ ਕਾਲਜਾਂ ਵਾਲੇ ਧਰਮਕੋਟ ਹਲਕੇ ਵਿਚ ਹੁਣ ਨਵਾਂ ਕਾਲਜ ਆਰੰਭ ਹੋ ਗਿਆ ਹੈ ਜਿਸ ਸਦਕਾ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ । ਭਾਈ ਘੱਨਈਆ ਕਾਲਜ਼ ਆਫ ਨਰਸਿੰਗ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ ਵਲੋਂ ਖੁਸ਼ੀ ਦਾ ਇਜਹਾਰ ਕਰਦੇ ਦੱਸਿਆ ਹੈ ਕਿ ਨਵੇਂ ਕਾਲਜ ਭਾਈ ਘਨ੍ਹਈਆ ਇੰਸਟੀਚਿਊਟ ਆਫ ਮੈਡੀਕਲ ਹੈੱਲਥ ਸਾਇੰਸਿਜ਼ ਵਿਚ ਦਾਖਲਿਆਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਇਹ ਸੰਸਥਾ ਭਾਈ ਘਨ੍ਹਈਆ ਕਾਲਜ਼ ਆਫ ਨਰਸਿੰਗ ਕੋਟ ਈਸੇ ਖਾਂ ਰੋਡ ਧਰਮਕੋਟ (ਕੜਿਆਲ) ਪਿਛਲੇ 20 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਹੈ। ਸਾਲ 2012 ਤੋਂ ਲੈ ਕੇ ਜ਼ਿਲੇ ਮੋਗੇ ਵਿਚ ਸਾਰੇ ਕੋਰਸਾਂ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਸਾਡੇ ਸਿਖਿਆਰਥੀ ਹੀ ਲੈਂਦੇ ਰਹੇ ਹਨ। ਪਿਛਲੇ 3 ਸਾਲਾਂ ਤੋਂ ਸਾਡੇ ਬੀ.ਐੱਸ ਸੀ ਨਰਸਿੰਗ ਅਤੇ ਜੀ.ਐੱਨ.ਐੱਮ ਦੇ ਸਿਖਿਆਰਥੀ ਪੰਜਾਬ ਭਰ ’ਚੋਂ ਪਹਿਲੇ 10 ਪੁਜੀਸ਼ਨਾਂ ਵਿਚ ਨੰਬਰ ਲੈ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿਵੇ ਪਿਛਲੇ 4 ਸਾਲਾਂ ਤੋਂ ਕੈਨੇਡਾ ਵਰਗੇ ਦੇਸ਼ਾਂ ਨੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਚੰਗੇ ਦੇਸ਼ ਜਿਵੇਂ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਨਰਸਿੰਗ ਕੀਤੇ ਹੋਏ ਕੋਰਸਾਂ ਨੂੰ ਪਹਿਲ ਦੇ ਰਹੇ ਹਨ। ਧਰਮਕੋਟ ਹਲਕੇ ਦੇ ਲੋਕਾਂ ਦੀ ਮੰਗ ਤੇ ਸਾਡੀ ਇਸ ਪ੍ਰਬੰਧਕ ਕਮੇਟੀ ਵਲੋਂ ਭਾਈ ਘਨ੍ਹਈਆ ਇੰਸਟੀਚਿਊਟ ਆਫ ਮੈਡੀਕਲ ਹੈੱਲਥ ਸਾਇੰਸਿਜ਼ ਜਲੰਧਰ ਰੋਡ ਧਰਮਕੋਟ ਵਿਖੇ ਨਵੇਂ ਕਾਲਜ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ’ਚ ਪੰਜਾਬ ਸਰਕਾਰ ਅਤੇ ਭਾਰਤੀ ਨਰਸਿੰਗ ਕੌਂਸਲ ਨਵੀਂ ਦਿੱਲੀ ਬੀ.ਐੱਸ.ਸੀ (60 ਸੀਟਾਂ), ਜੀ.ਐੱਨ.ਐੱਮ (60 ਸੀਟਾਂ) ਅਤੇ ਏ ਐੱਨ ਐੱਮ (50 ਸੀਟਾਂ) ਅਲਾਟ ਕੀਤੀਆਂ ਗਈਆਂ ਹਨ, ਜਿਸ ਦੇ ਦਾਖਲੇ ਵਿਚ ਵਿਦਿਆਰਥੀ ਵੱਧ ਚੜ ਕੇ ਦਿਲਚਸਪੀ ਨਾਲ ਹਿੱਸਾ ਲੈ ਰਹੇ ਹਨ। ਇਨ੍ਹਾਂ ਸੰਸਥਾਵਾਂ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਾਡੀ ਪ੍ਰਬੰਧਕ ਕਮੇਟੀ ਦਾ ਪਹਿਲਾ ਫਰਜ਼ ਵਿਦਿਆਰਥੀਆਂ ਨੂੰ ਚੰਗੀ ਕਲੀਨੀਕਲ ਟਰੇਨਿੰਗ ਅਤੇ ਚੰਗੀ ਪੜਾਈ ਦੇ ਨਾਲ ਨਾਲ ਚੰਗੀ ਸਿਹਤ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸਿਖਿਆ ਦੇਣਾ ਹੈ। ਇਸ ਮੌਕੇ ਕਾਲਜ ਦੇ ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ, ਡਾਇਰੈਕਟਰ ਅਮਿਤੋਜ ਸਿੰਘ, ਪਰਮਪਾਲ ਸਿੰਘ ਬੁੱਟਰ, ਡਾ: ਦਲਜੀਤ ਕੌਰ ਤੂਰ (ਪ੍ਰਿੰਸੀਪਲ ਭਾਈ ਘੱਨਈਆ ਏਕਤਾ ਕਾਲਜ਼ ਆਫ ਨਰਸਿੰਗ) ਅਤੇ ਕਿਰਨਜੀਤ ਕੌਰ (ਪ੍ਰਿੰਸੀਪਲ ਭਾਈ ਘੱਨਈਆ ਇੰਸਟੀਚਿਊਟ ਆਫ ਮੈਡੀਕਲ ਹੈੱਲਥ ਸਾਇੰਸਿਜ਼) ਹਾਜ਼ਰ ਸਨ। ਇਸ ਮੌਕੇ ਸਾਰਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।