ਬਟਾਲਾ, 6 ਮਈ ( ਜਸ਼ਨ ) ਸ਼ਿਵ ਕੁਮਾਰ ਬਟਾਲਵੀ ਦਾ ਜਨਮ ਲਹਿੰਦੇ ਪੰਜਾਬ 'ਚ ਹੋਇਆ ਲੇਕਿਨ ਦੋ ਦੇਸ਼ਾਂ ਦੀ ਵੰਡ ਬਾਅਦ ਛੋਟੀ ਉਮਰੇ ਸ਼ਿਵ ਆਪਣੇ ਪਰਿਵਾਰ ਨਾਲ ਚੜ੍ਹਦੇ ਪੰਜਾਬ ਦੇ ਸਨਅਤੀ ਨਗਰ ਬਟਾਲਾ 'ਚ ਆ ਵਸਿਆ ਅਤੇ ਆਪਣਾ ਬਚਪਨ ਤੇ ਜਵਾਨੀ ਦਾ ਸਭ ਤੋਂ ਵੱਧ ਸਮਾਂ ਬਟਾਲਾ 'ਚ ਹੀ ਗੁਜ਼ਾਰਿਆ। ਇਹੀ ਵਜ੍ਹਾ ਸੀ ਕਿ ਸ਼ਿਵ ਨੇ ਖੁਦ ਨੂੰ ਬਟਾਲਵੀ ਆਖਿਆ। ਅੱਜ ਵੀ ਉਹਨਾਂ ਦੇ ਪੁਰਾਣੇ ਜੱਦੀ ਘਰ 'ਚ ਸ਼ਿਵ ਕੁਮਾਰ ਬਟਾਲਵੀ ਦੇ ਵਡੇ ਭਰਾ ਦੇ ਬੇਟੇ ਰਾਜੀਵ ਬਟਾਲਵੀ ਅਤੇ ਉਹਨਾਂ ਦਾ ਪਰਿਵਾਰ ਰਹਿੰਦਾ ਹੈ ਅਤੇ ਹਰ ਸਾਲ ਭਾਵੇ ਸ਼ਿਵ ਦਾ ਜਨਮ ਦਿਹਾੜਾ ਹੋਵੇ ਜਾ ਬਰਸੀ, ਲੋਕ ਦੇਸ਼ ਵਿਦੇਸ਼ 'ਚ ਬਟਾਲਵੀ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਦੇ ਪ੍ਰੇਮੀ ਸ਼ਿਵ ਨੂੰ ਸ਼ਰਧਾਂਜਲੀ ਦੇਂਦੇ ਹਨ ਉੱਥੇ ਹੀ ਰਾਜੀਵ ਬਟਾਲਵੀ ਅਤੇ ਉਹਨਾਂ ਦੀ ਪਤਨੀ ਸੀਮਾ ਬਟਾਲਵੀ ਦੱਸਦੇ ਹਨ ਕਿ ਉਹਨਾਂ ਦੇ ਘਰ ਤਾਂ ਹਰ ਰੋਜ਼ ਕੋਈ ਨਾ ਕੋਈ ਸ਼ਿਵ ਬਟਾਲਵੀ ਪ੍ਰੇਮੀ, ਦੇਸ਼ ਵਿਦੇਸ਼ ਤੋ ਆਉਂਦੇ ਹਨ ਅਤੇ ਉਹਨਾਂ ਨੂੰ ਯਾਦ ਕਰਦੇ ਹਨ ਅਤੇ ਇਸ ਘਰ ਨੂੰ ਕਈ ਤਾਂ ਲੱਭਦੇ ਲਭਾਉਂਦੇ ਜਦ ਆਉਂਦੇ ਹਨ ਤਾਂ ਉਹ ਇੱਥੇ ਨਤਮਸਤਕ ਵੀ ਹੁੰਦੇ ਹਨ ਅਤੇ ਇਹ ਲੋਕਾ ਦਾ ਪਿਆਰ ਉਹਨਾਂ ਲਈ ਇਕ ਵੱਡਾ ਮਾਣ ਮਹਿਸੂਸ ਹੁੰਦਾ ਹੈ । ਰਾਜੀਵ ਬਟਾਲਵੀ ਆਖਦੇ ਹਨ ਕਿ ਸ਼ਿਵ ਬਟਾਲਵੀ ਨੂੰ ਜੋ ਇਕ ਆਸ਼ਿਕ਼ ਜਾ ਸ਼ਰਾਬੀ ਆਖਦੇ ਹਨ ਉਹ ਬਹੁਤ ਗਲਤ ਹੈ। ਸ਼ਿਵ ਇਕ ਇਹੋ ਜਿਹੇ ਇਨਸਾਨ ਸਨ ਜਿਹਨਾਂ ਦਾ ਔਰਤਾ ਲਈ ਬਹੁਤ ਸਨਮਾਨ ਸੀ ਅਤੇ ਬੱਚਿਆ ਬੱਚਿਆਂ ਨਾਲ ਤਾਂ ਉਹ ਬਹੁਤ ਪਿਆਰ ਕਰਦੇ ਸਨ ਅਤੇ ਐਸੇ ਕਈ ਕਿੱਸੇ ਰਾਜੀਵ ਬਟਾਲਵੀ ਨੇ ਸਾਂਝੇ ਕਿਤੇ। ਉਹਨਾਂ ਦੱਸਿਆ ਕਿ ਸ਼ਿਵ ਬਟਾਲਵੀ ਨੇ ਭਾਵੇਂ ਕਿ ਪਟਵਾਰੀ ਦੀ ਪਹਿਲਾਂ ਨੌਕਰੀ ਕੀਤੀ ਮੁੜ ਅਧਿਆਪਕ ਵੀ ਰਹੇ ਅਤੇ ਬੈਂਕ 'ਚ ਵੀ ਨੌਕਰੀ ਤੇ ਤਾਇਨਾਤ ਸਨ ਲੇਕਿਨ ਉਹਨਾਂ ਇਹ ਸਭ ਨੂੰ ਪਿੱਛੇ ਹੀ ਰੱਖਿਆ ਅਤੇ ਮਹਿਜ਼ ਆਪਣੀ ਕਵਿਤਾ ਅਤੇ ਸਾਹਿਤ ਨਾਲ ਉਹਨਾਂ ਦਾ ਮੋਹ ਸੀ ਭਾਵੇਂ ਕਿ ਉਹ ਪਰਿਵਾਰ 'ਚ ਬੱਚਿਆਂ ਨਾਲ ਬੱਚੇ ਸਨ ਅਤੇ ਵੱਡੇ ਜੀਆਂ ਨਾਲ ਪੂਰਾ ਪਿਆਰ ਅਤੇ ਆਪਣਾਪਣ ਸੀ ਲੇਕਿਨ ਉਹ ਹਮੇਸ਼ਾ ਸੁਲਝੇ ਸੁਭਾ ਦੇ ਸਨ ਉੱਥੇ ਹੀ ਸ਼ਿਵ ਦੀ ਭਤੀਜ ਨੂੰਹ ਸੀਮਾ ਬਟਾਲਵੀ ਦਾ ਕਹਿਣਾ ਹੈ ਕਿ ਜਦ ਉਹ ਇਸ ਘਰ 'ਚ ਵਿਆਹ ਕੇ ਆਏ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਪਤਾ ਸੀ ਕਿ ਉਹ ਸ਼ਿਵ ਦੇ ਪਰਿਵਾਰ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਜਦ ਇੱਥੇ ਆਏ ਤਾਂ ਇਕ ਵੱਖ ਹੀ ਅਹਿਸਾਸ ਸੀ ਅਤੇ ਪੂਰਾ ਪਰਿਵਾਰ ਜਾ ਸ਼ਿਵ ਪ੍ਰੇਮੀ ਜਦ ਘਰ ਆਉਂਦੇ ਤਾਂ ਖ਼ੁਦ ਨੂੰ ਮਾਣ ਮਹਿਸੂਸ ਹੁੰਦਾ ਹੈ ਅਤੇ ਅੱਜ ਵੀ ਉਹਨਾਂ ਨੂੰ ਜਾਪਦਾ ਹੈ ਕਿ ਜਿਵੇਂ ਸ਼ਿਵ ਕੁਮਾਰ ਬਟਾਲਵੀ ਉਹਨਾਂ ਦੇ ਨਾਲ ਇਸ ਘਰ 'ਚ ਹੀ ਰਹਿੰਦੇ ਹੋਣ ।