ਜੈਤੋ, 21 ਜੂਨ (ਮਨਜੀਤ ਸਿੰਘ ਢੱਲਾ) – ਪਿੰਡ ਸੇਵੇਵਾਲਾ ਦੀ ਮੁੱਖ ਅੰਦਰੂਨੀ ਸੜਕ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਗੰਦੇ ਪਾਣੀ ਦੀ ਲਪੇਟ ਵਿੱਚ ਹੋਣ ਕਾਰਨ ਲੋਕਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਹਾਲਾਤ ਇਹ ਹਨ ਕਿ ਕਈ ਥਾਵਾਂ ‘ਤੇ ਸੜਕ ਪੂਰੀ ਤਰ੍ਹਾਂ ਪਾਣੀ ਹੇਠਾਂ ਦੱਬ ਚੁੱਕੀ ਹੈ ਅਤੇ ਸੜਕ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ ਹੈ। ਲੰਬੇ ਸਮੇਂ ਤੋਂ ਸਮੱਸਿਆ ਬਰਕਰਾਰ ਰਹਿਣ ਕਾਰਨ ਪਿੰਡ ਵਾਸੀਆਂ ਵਿੱਚ ਪ੍ਰਸ਼ਾਸਨ ਅਤੇ ਪੰਚਾਇਤ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਠਿੰਡਾ ਰੋਡ ਨਾਲ ਜੁੜੀ ਇਹ ਸੜਕ ਭਗਤੂਆਣਾ, ਬਿਸਨੰਦੀ, ਕਰੀਰਵਾਲੀ, ਡੇਲਿਆਂਵਾਲੀ ਅਤੇ ਰਾਮੇਆਣਾ ਸਮੇਤ ਕਈ ਪਿੰਡਾਂ ਲਈ ਮਹੱਤਵਪੂਰਨ ਆਵਾਜਾਈ ਮਾਰਗ ਹੈ। ਸੜਕ ‘ਤੇ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਥਾਂ-ਥਾਂ ਡੂੰਘੇ ਖੱਡੇ ਬਣ ਚੁੱਕੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਾਰਨ ਨਾ ਸਿਰਫ਼ ਸੜਕ ਖ਼ਰਾਬ ਹੋ ਰਹੀ ਹੈ, ਸਗੋਂ ਨੇੜਲੇ ਘਰਾਂ ਦੀਆਂ ਨੀਂਹਾਂ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣ ਗਿਆ ਹੈ। ਬਦਬੂ ਅਤੇ ਮੱਛਰਾਂ ਦੀ ਵੱਧ ਰਹੀ ਭਰਮਾਰ ਕਾਰਨ ਬਿਮਾਰੀਆਂ ਫੈਲਣ ਦੀ ਚਿੰਤਾ ਵੀ ਲੋਕਾਂ ਨੂੰ ਸਤਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਣੀ ਦੀ ਨਿਕਾਸੀ ਅਤੇ ਨਾਲੀਆਂ ਦੀ ਸਫ਼ਾਈ ਲਈ ਕੋਈ ਪ੍ਰਭਾਵਸ਼ਾਲੀ ਪ੍ਰਬੰਧ ਨਹੀਂ ਕੀਤਾ ਗਿਆ।
ਪਿੰਡ ਵਾਸੀ ਕੁਲਦੀਪ ਸਿੰਘ ਚਾਹਲ, ਕਿਸਾਨ ਆਗੂ ਘੁੱਕਰ ਸਿੰਘ, ਜਗਜੀਤ ਸਿੰਘ ਜੱਗਾ, ਪਵਨਦੀਪ ਸਿੰਘ, ਰਾਜਾ ਸਿੰਘ, ਦਿਲਬਾਗ ਸਿੰਘ, ਸਾਬਕਾ ਮੈਂਬਰ ਸਿਕੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਲਈ ਮੰਗ ਕਰ ਰਹੇ ਹਨ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ।
ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਤੋਂ ਮੰਗ ਕੀਤੀ ਹੈ ਕਿ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸੜਕ ਹੀ ਪਾਣੀ ਹੇਠਾਂ ਗਾਇਬ ਹੋ ਜਾਵੇ ਤਾਂ ਇਹ ਸਿਰਫ਼ ਇੱਕ ਆਮ ਸਮੱਸਿਆ ਨਹੀਂ, ਸਗੋਂ ਵਿਕਾਸ ਦੇ ਦਾਅਵਿਆਂ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਖ਼ਬਰਾਂ
ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਪਾਣੀ ਦੀ ਨਿਕਾਸੀ ਲਈ ਜੂਝਦੇ ਲੋਕ, ਸੜਕ ਗਾਇਬ, ਗੰਦੇ ਪਾਣੀ ਦਾ ਛੱਪੜ ਬਣਿਆ ਪਿੰਡ ਸੇਵੇਵਾਲਾ
* ਛੇ ਮਹੀਨਿਆਂ ਤੋਂ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਅਤੇ ਪੰਚਾਇਤ ਖ਼ਿਲਾਫ਼ ਵੱਧ ਰਿਹਾ ਰੋਸ
22 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



