ਕੋਟ ਈਸੇ ਖਾਂ , 31 ਅਕਤੂਬਰ (ਜਸ਼ਨ ) ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ, ਕੋਟ ਈਸੇ ਖਾਂ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਰੀਅਰ ਗਾਈਡੈਂਸ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਬਾਰ੍ਹਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਵੱਖ-ਵੱਖ ਕੋਰਸਾਂ ਅਤੇ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣਾ ਸੀ।ਇਸ ਮੌਕੇ ਐਲ.ਪੀ.ਯੂ. ਤੋਂ ਪਹੁੰਚੇ ਸ੍ਰੀ ਪੰਕਜ ਵਿਜ (ਡਿਪਟੀ ਡਾਇਰੈਕਟਰ), ਸ੍ਰੀ ਜਗਦੀਪ ਸਿੰਘ (ਟੈਰੀਟਰੀ ਇੰਚਾਰਜ), ਸ੍ਰੀ ਰਿਸ਼ਭ ਸ਼ਰਮਾ (ਟੈਰੀਟਰੀ ਇੰਚਾਰਜ) ਅਤੇ ਸ੍ਰੀ ਦੀਪਕ ਜੋਸ਼ੀ (ਅਫ਼ਸਰ) ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਇੰਜੀਨੀਅਰਿੰਗ, ਬੀ.ਟੈਕ, ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਕੰਪਿਊਟਰ ਐਪਲੀਕੇਸ਼ਨ (ਬੀ.ਸੀ.ਏ.), ਕਾਮਰਸ, ਬੀ.ਕਾਮ, ਲਾਅ, ਖੇਤੀਬਾੜੀ, ਅਰਥਸ਼ਾਸਤਰ, ਲਾਇਬ੍ਰੇਰੀ ਸਾਇੰਸ, ਸਿੱਖਿਆ, ਫਾਈਨ ਆਰਟਸ ਅਤੇ ਪਰਫਾਰਮਿੰਗ ਆਰਟਸ ਵਰਗੇ ਖੇਤਰਾਂ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ।ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸਹੀ ਕੋਰਸ ਦੀ ਚੋਣ ਕਰਨ, ਆਪਣੀ ਦਿਲਚਸਪੀ ਨੂੰ ਪਛਾਣਨ ਅਤੇ ਭਵਿੱਖ ਵਿੱਚ ਵਧੀਆ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਜਾਣਕਾਰੀ ਨਾਲ ਵਿਦਿਆਰਥੀਆਂ ਨੂੰ ਬਾਰ੍ਹਵੀਂ ਤੋਂ ਬਾਅਦ ਆਪਣੇ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੀ।ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਜੀ, ਐਮ.ਡੀ. ਮੈਡਮ ਸ੍ਰੀਮਤੀ ਰਣਜੀਤ ਕੌਰ ਸੰਧੂ ਜੀ ਅਤੇ ਪ੍ਰਿੰਸੀਪਲ ਸ੍ਰੀਮਤੀ ਰਮਨਜੀਤ ਕੌਰ ਜੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਰੀਅਰ ਸਬੰਧੀ ਸਹੀ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਖੇਤਰ ਦੀ ਚੋਣ ਕਰ ਸਕਣ ਅਤੇ ਭਵਿੱਖ ਵਿੱਚ ਸਫਲਤਾ ਹਾਸਲ ਕਰ ਸਕਣ।ਅੰਤ ਵਿੱਚ ਸਕੂਲ ਪ੍ਰਬੰਧਕਾਂ ਨੇ ਐਲ.ਪੀ.ਯੂ. ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਚੁਣਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਕ ਹੁੰਦੇ ਹਨ।