ਫੜੇ ਗਏ ਮੁਲਜ਼ਿਮ

ਹੁਸ਼ਿਆਰਪੁਰ, 12 ਜੂਨ( ਬਖਸ਼ੀ ) -ਹੁਸ਼ਿਆਰਪੁਰ-ਊਨਾ ਰੋਡ ’ਤੇ ਪੈਂਦੇ ਪਿੰਡ ਮੰਨਣ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਹਰਪਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਸੁਰਜੀਤ ਸਿੰਘ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਤਜਿੰਦਰ ਸਿੰਘ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ’ਚ ਹੀ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਅਦਾਲਤ ਵਲੋਂ ਫ਼ੈਸਲਾ ਹਰਪਿੰਦਰ ਸਿੰਘ ਦੇ ਹੱਕ ’ਚ ਹੀ ਸੁਣਾਇਆ ਗਿਆ ਸੀ, ਪ੍ਰੰਤੂ ਦੂਜੀ ਧਿਰ ਇਸ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਰੰਜ਼ਿਸ਼ ਰੱਖਦੀ ਸੀ ਅਤੇ ਜਾਣਬੁੱਝ ਕੇ ਦੂਜੀ ਧਿਰ ਉਨ੍ਹਾਂ ਨਾਲ ਉਲਝਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਹਰਪਿੰਦਰ ਸਿੰਘ ਉਰਫ਼ ਸੋਨੂੰ ਜਦੋਂ ਘਰ ਨੂੰ ਆ ਰਿਹਾ ਸੀ ਤਾਂ ਘਰ ਨਜ਼ਦੀਕ ਹੀ ਕਰੀਬ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ’ਚ ਹਰਪਿੰਦਰ ਸਿੰਘ ਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਜਦੋਂ ਐਸ.ਐਚ.ਓ. ਥਾਣਾ ਸਦਰ ਬਲਜਿੰਦਰ ਸਿੰਘ ਮੱਲ੍ਹੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਨਾਲ ਸਬੰਧਿਤ 7 ਕਥਿਤ ਦੋਸ਼ੀਆਂ ’ਚੋਂ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।