ਮੋਗਾ 28 ਜੁਲਾਈ ( ਬਿੱਟੂ ਗਰੋਵਰ )
ਮੋਗਾ ਪੁਲਿਸ ਨੇ ਅਜੀਤਵਾਲ ਵਿਖੇ ਕੁਝ ਦਿਨ ਪਹਿਲਾਂ ਇੱਕ ਸੁਨਿਆਰ ਦੀ ਦੁਕਾਨ 'ਤੇ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੁੱਟੀ ਹੋਈ ਕਰੀਬ ਡੇਢ ਕਿਲੋ ਚਾਂਦੀ, ਵਾਰਦਾਤ ਵਿੱਚ ਵਰਤੀ ਕਾਰ, ਇੱਕ ਨਾਜਾਇਜ਼ ਦੇਸੀ ਪਿਸਤੌਲ, ਇੱਕ ਕਾਪਾ ਅਤੇ ਇੱਕ ਕਿਰਪਾਨ ਬਰਾਮਦ ਕੀਤੀ ਹੈ।
ਇਹ ਸਫਲਤਾ ਮਾਣਯੋਗ ਸ੍ਰੀਮਤੀ ਨੀਲਾਂਬਰੀ ਜਗਦਲੇ (ਆਈ.ਜੀ. ਫ਼ਰੀਦਕੋਟ ਰੇਂਜ), ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸਰਤਾਜ ਸਿੰਘ ਚਾਹਲ, ਐੱਸ.ਪੀ. (ਡੀ) ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਅਤੇ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਸ੍ਰੀ ਅਨਵਰ ਅਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਹਾਸਲ ਹੋਈ ਹੈ।
ਪੁਲਿਸ ਅਨੁਸਾਰ 21 ਜੁਲਾਈ 2026 ਨੂੰ ਅਜੀਤਵਾਲ ਮਾਰਕੀਟ ਵਿੱਚ ਤਿੰਨ ਕਾਰ ਸਵਾਰ ਨੌਜਵਾਨਾਂ ਨੇ ਇੱਕ ਸੁਨਿਆਰ ਦੀ ਦੁਕਾਨ 'ਤੇ ਧਾਵਾ ਬੋਲ ਕੇ ਚਾਂਦੀ ਦੇ ਗਹਿਣੇ ਲੁੱਟ ਲਏ ਸਨ। ਇਸ ਸਬੰਧੀ ਥਾਣਾ ਅਜੀਤਵਾਲ ਵਿਖੇ ਮੁਕੱਦਮਾ ਨੰਬਰ 127 ਮਿਤੀ 21.07.2026 ਅਧੀਨ ਧਾਰਾ 309(4), 3(5) ਅਤੇ 351(1) ਬੀ.ਐਨ.ਐੱਸ. ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਮਾਮਲੇ ਦੀ ਤਫ਼ਤੀਸ਼ ਦੌਰਾਨ ਇੰਸਪੈਕਟਰ ਰਾਜ ਸਿੰਘ, ਮੁੱਖ ਅਫ਼ਸਰ ਥਾਣਾ ਅਜੀਤਵਾਲ, ਅਤੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਸਮੇਤ ਪੁਲਿਸ ਟੀਮ ਨੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਅਤੇ ਹੋਰ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਸੁਖਦੀਪ ਸਿੰਘ ਉਰਫ਼ ਸੁੱਖਾ, ਹਰਦੀਪ ਸਿੰਘ ਉਰਫ਼ ਹੈਪੀ ਅਤੇ ਪਵਿੱਤਰ ਸਿੰਘ ਉਰਫ਼ ਲੱਲੂ ਵਾਸੀ ਰਾਮੂਵਾਲਾ ਨਵਾਂ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਕਰੀਬ ਡੇਢ ਕਿਲੋ ਲੁੱਟੀ ਹੋਈ ਚਾਂਦੀ, ਵਾਰਦਾਤ ਵਿੱਚ ਵਰਤੀ ਕਾਰ ਨੰਬਰ PB77-0097, ਇੱਕ ਨਾਜਾਇਜ਼ ਦੇਸੀ ਪਿਸਤੌਲ, ਇੱਕ ਕਾਪਾ ਅਤੇ ਇੱਕ ਕਿਰਪਾਨ ਬਰਾਮਦ ਕੀਤੀ ਹੈ।
ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਦੋਸ਼ੀ ਸੁਖਦੀਪ ਸਿੰਘ ਉਰਫ਼ ਸੁੱਖਾ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਵਾਰਦਾਤ ਸਮੇਂ ਛੁੱਟੀ 'ਤੇ ਆਪਣੇ ਪਿੰਡ ਆਇਆ ਹੋਇਆ ਸੀ। ਇਸ ਸਬੰਧੀ ਪੁਲਿਸ ਵੱਲੋਂ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮੁਕੱਦਮਾ ਦਰਜ ਨਹੀਂ ਹੈ। ਹਾਲਾਂਕਿ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਦੋਸ਼ੀ ਕਿਸੇ ਹੋਰ ਅਪਰਾਧਿਕ ਵਾਰਦਾਤ ਵਿੱਚ ਵੀ ਸ਼ਾਮਲ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਨਾਲ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਖ਼ਬਰਾਂ
ਅਜੀਤਵਾਲ ਸੁਨਿਆਰ ਲੁੱਟ ਕਾਂਡ ਦਾ ਪਰਦਾਫਾਸ਼: ਮੋਗਾ ਪੁਲਿਸ ਨੇ ਤਿੰਨ ਦੋਸ਼ੀ ਕਾਬੂ ਕਰਕੇ ਡੇਢ ਕਿਲੋ ਚਾਂਦੀ, ਕਾਰ ਤੇ ਹਥਿਆਰ ਕੀਤੇ ਬਰਾਮਦ
* ਇਕ ਗ੍ਰਿਫ਼ਤਾਰ ਦੋਸ਼ੀ ਸੁਖਦੀਪ ਸਿੰਘ ਉਰਫ਼ ਸੁੱਖਾ ਭਾਰਤੀ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਵਾਰਦਾਤ ਸਮੇਂ ਛੁੱਟੀ 'ਤੇ ਆਪਣੇ ਪਿੰਡ ਰਾਮੂਵਾਲਾ ਨਵਾਂ ਆਇਆ ਹੋਇਆ ਸੀ
29 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



