ਨਸ਼ਾ ਦੁਨੀਆਂ ਭਰ ਦੇ ਵਿੱਚ ਬਹੁਤ ਤੇਜੀ ਅਤੇ ਵੱਡੀ ਗਿਣਤੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ।ਨਸ਼ਾ ਕਿਸੇ ਇੱਕ ਖਿੱਤੇ ਦੀ ਨਹੀਂ,ਅੰਤਰ ਰਾਸ਼ਟਰੀ ਸਮੱਸਿਆਂ ਬਣਦੀ ਨਜ਼ਰ ਆ ਰਹੀ ਹੈ।ਜਿੰਨੀ ਰਫਤਾਰ ਨਾਲ , ਜਿੰਨੀਆਂ ਕਿਸਮਾਂ ਨਾਲ ਇਹ ਫੈਲ ਰਿਹਾ ਹੈ ਇਸ ਨੂੰ ਰੋਕਣ ਲਈ ਸਰਕਾਰ ਦੀ ਨੈਤਿਕ ਜੁੰਮੇਵਾਰੀ ਬਣਦੀ ਹੈ। ਪਰ ਅਜਿਹਾ ਦੇਖਣ ਵਿੱਚ ਨਜ਼ਰ ਨਹੀਂ ਆ ਰਿਹਾ । ਕਈ ਪੱਛਮੀਂ ਸਰਕਾਰਾਂ ਨੇ ਤਾਂ ਕਈ ਨਸ਼ਿਆਂ ਨੂੰ ਮਾਨਤਾ ਹੀ ਦੇ ਦਿੱਤੀ ਹੈ,ਜਿਵੇਂ ਗਾਂਜਾ । ਭਾਰਤ ਵਿੱਚ ਬਿਨਾਂ ਮਾਨਤਾ ਦੇ ਹੀ ਇਹਨਾਂ ਨਸ਼ਿਆਂ ਦੀ ਭਰਮਾਰ ਹੈ ਜੋ ਬਹੁਤ ਹੀ ਫਿਕਰਮੰਦੀ ਵਾਲੀ ਹੈ। ਜਿਹੜਾ ਵਿਆਕਤੀ ਨਸ਼ਾ ਕਰਦਾ ਹੈ ਸਿਰਫ ਉਹ ਹੀ ਪ੍ਰਭਾਵਿਤ ਨਹੀ ਹੁੰਦਾ ਸਗੋਂ ਉਸਦਾ ਸਮੁੱਚਾ ਪਰਿਵਾਰ , ਆਂਢ-ਗੁਆਂਢ ਅਤੇ ਸਮਾਜਿਕ ਚੁਗਿਰਦਾ ਵੀ ਪ੍ਰਭਾਵਿਤ ਹੁੰਦਾ ਹੈ।ਨਸ਼ਾ ਕਰਨ ਵਾਲਾ ਵਿਆਕਤੀ ਅਕਸਰ ਦੇਖਿਆ ਗਿਆ ਹੈ ਕਿ ਉਹ ਪਰਿਵਾਰਿਕ ਅਤੇ ਸਮਾਜਿਕ ਜੁੰਮੇਵਾਰੀਆਂ ਤੋ ਭੱਜਦਾ ਹੈ। ਜਿਸ ਨਾਲ ਮਾਤਾ-ਪਿਤਾ , ਧੀਆਂ-ਪੁੱਤਰ ਅਤੇ ਪਤਨੀਆਂ ਨਰਕ ਭਰੇ ਜੀਵਨ ਵਿੱਚ ਬਿਨਾ ਕਿਸੇ ਕਸੂਰ ਦੇ ਧੱਕੇ ਜਾਂਦੇ ਹਨ।ਉਹਨਾਂ ਦੀ ਹੱਡ ਭੰਨਵੀ ਮੇਹਨਤ ਵੀ ਘਰੇਲੂ ਵਾਤਾਵਰਨ ਨੂੰ ਸਕੂਨ ਨਹੀਂ ਦੇ ਸਕਦੀ।ਪਰ ਨਸ਼ਾ ਕਰਨ ਵਾਲੇ ਵਿਆਕਤੀ ਜਾਂ ਨਸ਼ੇ ਵੱਲ ਪ੍ਰੇਰਿਤ ਹੋ ਰਿਹਾ ਵਿਆਕਤੀ ਜੇਕਰ ਮੇਰੇ ਨਜ਼ਰੀਏ ਨਾਲ ਨਸ਼ੇ ਨੂੰ ਦੇਖੇ ਤਾਂ ਮੈਨੂੰ ਲੱਗਦਾ ਹੈ 'ਨਸ਼ਾ' ਵਿੱਚ ਵਰਤੇ ਵਰਨਾਂ (ਅੱਖਰਾਂ) ਨੂੰ ਆਪਸ ਵਿੱਚ ਬਦਲ ਦਈਏ ਤਾਂ 'ਸ਼ਾਨ" ਬਣ ਜਾਂਦਾ ਹੈ ਜੋ ਨਸ਼ਾ ਛੱਡਣ ਲਈ ਬਹੁਤ ਵੱਡੀ ਪ੍ਰੇਰਨਾ ਹੈ।
ਨਾਰਕੋਟਿਕ ਕੰਟਰੋਲ ਬਿਉਰੋ ਭਾਰਤ ਸਰਕਾਰ ਦੇ ਸਰਵੇ ਦਰਸਾਉਦੇ ਹਨ ਕਿ ਉੱਤਰ ਪ੍ਰਦੇਸ਼, ਪੰਜਾਬ , ਬਿਹਾਰ , ਸਿੱਕਮ ਛੱਤੀਸਗੜ੍ਹ ਵਰਗੇ ਸੂਬਿਆਂ ਵਿੱਚ ਨਸ਼ਿਆਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ।ਇਹਨਾਂ ਨਸ਼ਿਆਂ ਵਿੱਚ ਸ਼ਰਾਬ ,ਗਾਂਜਾ,ਤੰਬਾਕੂ ,ਚਿੱਟਾ , ਹੈਰੋਇਨ , ਮੈਡੀਕਲ ਨਸ਼ਾ ਆਦਿ ਵਰਤਿਆ ਜਾਂਦਾ ਹੈ ਜੋ ਸਰੀਰ ਲਈ ਬਹੁਤ ਘਾਤਕ ਅਤੇ ਅਨੇਕਾਂ ਬਿਮਾਰੀਆਂ ਦਾ ਜਨਮ ਦਾਤਾ ਹੈ।ਮਨਿਸਰਟੀ ਆਫ ਸ਼ੋਸ਼ਲ ਇੰਪਾਰਮੈਂਟ ਸਰਵੇ ਦਸੇ ਹਨ ਕਿ ਪੜ੍ਹਿਆਂ ਲਿਖਿਆ ਵਿੱਚ ਅਤੇ ਪਿੰਡਾਂ ਵਿੱਚ ਨਸ਼ੇ ਦੀ ਵਰਤੋਂ ਵਧੇਰੇ ਕੀਤੀ ਜਾ ਰਹੀ ਹੈ।ਗੂਗਲ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਨਸ਼ਾ ਕਰਨ ਵਾਲੇ ਪੜ੍ਹੇ ਲਿਖੇ ਵਰਗ ਦੀ ਗਿਣਤੀ 85% ਹੈ।ਜਦੋਂ ਕਿ ਅਨਪੜ੍ਹ ਲੋਕ 15% ਹੀ ਨਸ਼ਾ ਕਰਦੇ ਹਨ।ਭਾਂਵੇ ਜਿਆਦਾਤਰ ਨਸ਼ਾ ਸ਼ਰਾਬ ਤੇ ਤੰਬਾਕੂ ਦਾ ਹੈ ਪਰ ਸਰਵੇ ਇਹ ਵੀ ਦਸਦੇ ਹਨ ਕਿ ਭਾਰਤ ਦੀ 7% ਅਬਾਦੀ ਗੈਰਕਾਨੂੰਨੀ ਨਸ਼ਿਆਂ ਦੀ ਵਰਤੋਂ ਕਰਦੀ ਹੈ।ਇਹਨਾਂ ਨਸ਼ਿਆਂ ਦਾ ਪ੍ਰਭਾਵ ਕਿਸ਼ੋਰ ਅਵਸਥਾ ਵਿਚੋਂ ਗੁਜਰ ਰਹੇ ਵਰਗ ਤੇ ਬਹੁਤ ਜਲਦੀ ਤੇ ਜਿਆਦਾ ਪੈਂਦਾ ਹੈ।ਸਰਕਾਰਾਂ ਇਨਫੋਰਸਮੈਂਟ ਏਜੰਸੀਆਂ ਰਾਹੀ ਕੋਸ਼ਿਸ਼ਾਂ ਕਰ ਰਹੀਆਂ ਹਨ ਕਿ ਇਹਨਾਂ ਨਸ਼ਿਆਂ ਦੇ ਪ੍ਰਭਾਵ ਨੂੰ ਤੁਰੰਤ ਅਤੇ ਜੜੋਂ ਖਤਮ ਕੀਤਾ ਜਾ ਸਕੇ।
ਨਸ਼ਾ ਕਰਨ ਨਾਲ ਜਿੱਥੇ ਸਮਾਜ ਦਾ ਅਕਸ ਵਿਗੜਦਾ ਹੈ ਉੱਥੇ ਐਚ.ਆਈ.ਵੀ. ਵਰਗੀਆਂ ਬਿਮਾਰੀਆਂ , ਸੜਕ ਦੁਰਘਟਨਾਵਾਂ , ਲੁੱਟਾਂ ਖੋਹਾਂ , ਗੁੰਡਾ ਗਰਦੀ, ਤਲਾਕ ਦੇ ਕੇਸ,ਲੜਾਈ ਝਗੜਾ, ਚੋਰੀਆਂ ਅਤੇ ਸਰਕਾਰੀ ਪ੍ਰਬੰਧਕੀ ਢਾਂਚੇ ਤੇ ਬੋਝ ਵਰਗੀਆਂ ਅਲਾਮਤਾਂ ਵਿੱਚ ਵਾਧਾ ਹੁੰਦਾ ਹੈ।ਮੈਂ ਬਤੌਰ "ਜਿਲ੍ਹਾ ਤੰਬਾਕੂ ਨੋਡਲ ਅਤੇ ਨਸ਼ਾ ਮੁਕਤ ਵਿਦਿਆਲਿਆ( ਐ.ਸਿੱ.) ਜਿਲ੍ਹਾ ਮੋਗਾ" ਹੋਣ ਕਰਕੇ ਦੇਖਿਆ ਹੈ ਕਿ ਨਸ਼ਾ ਅਤੇ ਤੰਬਾਕੂ ਨੋਸ਼ੀ ਵਧਾਉਣ ਵਾਲੇ ਕਾਰਨਾਂ ਵਿੱਚ ਸਾਥੀਆਂ ਦਾ ਪਰੈਸ਼ਰ , ਪੁਲਿਸ ਸਿਸਟਮ ਵਿਚਲੀਆਂ ਖਾਮੀਆਂ , ਮੋਟਾ ਮੁਨਾਫਾ ,ਮਾਪਿਆਂ ਦੀ ਬੱਚਿਆਂ ਪ੍ਰਤੀ ਅਣਦੇਖੀ,ਡਰਗ ਵਿਭਾਗ ਦਾ ਮੈਡੀਕਲ ਦੁਕਾਨਾਂ ਦੀ ਘੱਟ ਚੈਕਿੰਗ ਅਤੇ ਅਧਿਆਪਕਾਂ ਦੀ ਘੱਟ ਪ੍ਰੇਰਨਾ ਆਦਿ ਹਨ।ਜੇਕਰ ਮਾਪੇ ,ਸਮਾਜ , ਅਧਿਆਪਕ ਤੇ ਸਰਕਾਰ ਤਹਈਆ ਕਰਨ ਤਾਂ ਇਸ ਸਮੱਸਿਆ ਦਾ ਹੱਲ ਜਲਦੀ ਕੱਢਿਆ ਜਾ ਸਕਦਾ ਹੈ।ਆਉ ਅਸੀਂ ਸਾਰੇ ਰਲਕੇ ਨਸ਼ਿਆਂ ਦੇ ਇਸ ਦੈਂਤ ਨੂੰ ਜੜੋਂ ਖਤਮ ਕਰੀਏ ਤੇ ਪੰਜਾਬ ਅਤੇ ਭਾਰਤ ਦੀ ਜਵਾਨੀ ਦੇ ਮੋਢਿਆਂ ਨੂੰ ਦੇਸ਼ ਦਾ ਭਾਰ ਅਤੇ ਭਵਿੱਖ ਸੰਭਾਲਣ ਦੇ ਯੋਗ ਬਣਾਈਏ।
ਬਲਦੇਵ ਰਾਮ ਨੋਡਲ ਅਫਸਰ
ਜਿਲ੍ਹਾ ਤੰਬਾਕੂ ਅਤੇ ਨਸ਼ਾ ਮੁਕਤ ਵਿਦਿਆਲਿਆ (ਐਸਿ)ਮੋਗਾ
ਮੋ: 88472-49278





