ਜ਼ੀਰਾ 21 ਸਤੰਬਰ (ਤੀਰਥ ਸਨੇਰ): ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਜ਼ੀਰਾ ਵਿਖੇ ਦਰਜ ਮੁਕੱਦਮਾ ਨੰਬਰ 161 ਮਿਤੀ 16 ਸਤੰਬਰ 2026 ਅਧੀਨ ਇਕ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮ ਵੱਲੋਂ ਬਿਨਾਂ ਨੰਬਰੀ ਫ਼ਾਰਚੂਨਰ ਗੱਡੀ ’ਚ ਆ ਰਹੇ ਵਿਅਕਤੀਆਂ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਉਨ੍ਹਾਂ ਨੇ ਆਪਣੀ ਗੱਡੀ ਪੁਲਿਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੱਡੀ ਭਜਾਉਂਦੇ ਸਮੇਂ ਟੋਏ ’ਚ ਉੱਤਰ ਗਈ, ਜਿਸ ਕਾਰਨ ਤਿੰਨੋਂ ਦੋਸ਼ੀ ਆਪਣੀ ਫ਼ਾਰਚੂਨਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਛੱਡੀ ਗਈ ਬਿਨਾਂ ਨੰਬਰੀ ਫ਼ਾਰਚੂਨਰ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਇਕ ਮੋਬਾਇਲ ਫ਼ੋਨ, ਇਕ 32 ਬੋਰ ਪਿਸਟਲ ਸਮੇਤ ਮੈਗਜ਼ੀਨ, 32 ਬੋਰ ਦੇ 6 ਜ਼ਿੰਦਾ ਰੌਂਦ, 30 ਬੋਰ ਦੇ 59 ਜ਼ਿੰਦਾ ਰੌਂਦ ਅਤੇ 315 ਬੋਰ ਦੇ 131 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ ਦੀ ਪਛਾਣ ਸਤਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਜੰਗ ਸਿੰਘ ਵਾਸੀ ਠੇਠਰ ਕਲਾਂ, ਥਾਣਾ ਘੱਲ ਖੁਰਦ, ਹਰਦੀਪ ਸਿੰਘ ਉਰਫ਼ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਘੱਲ ਖੁਰਦ ਅਤੇ ਇਕ ਅਣਪਛਾਤੇ ਵਿਅਕਤੀ ਵਜੋਂ ਹੋਈ ਸੀ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋਸ਼ੀ ਸਤਵਿੰਦਰ ਸਿੰਘ ਉਰਫ਼ ਲੱਡੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਰਦੀਪ ਸਿੰਘ ਉਰਫ਼ ਦੀਪਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਰਿਕਾਰਡ ਮੁਤਾਬਕ ਫੜੇ ਗਏ ਦੋਸ਼ੀ ਸਤਵਿੰਦਰ ਸਿੰਘ ਉਰਫ਼ ਲੱਡੂ ਖਿਲਾਫ਼ ਪਹਿਲਾਂ ਵੀ 6 ਮੁਕੱਦਮੇ ਅਤੇ ਹਰਦੀਪ ਸਿੰਘ ਖਿਲਾਫ਼ 8 ਮਾਮਲੇ ਦਰਜ ਹਨ। ਪੁਲਿਸ ਵੱਲੋਂ ਬਾਕੀ ਫ਼ਰਾਰ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।