ਕੋਟ ਈਸੇ ਖਾਂ, 06 ਅਗਸਤ (ਜਸ਼ਨ )ਸਥਾਨਕ ਕਸਬੇ ਦੀ ਧਾਰਮਿਕ ਸੰਸਥਾ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ (ਰਜਿ:) ਕੋਟ ਈਸੇ ਖਾਂ ਵੱਲੋਂ ਕਸਬੇ ਵਿੱਚ 27ਵੇਂ ਸਾਲਾਨਾ ਮਾਤਾ ਰਾਣੀ ਦੇ ਝੰਡੇ ਦੀ ਸ਼ੋਭਾ ਯਾਤਰਾ ਬੜੀ ਸ਼ਰਧਾ ਨਾਲ ਕੱਢੀ ਗਈ। ਇਸ ਮੌਕੇ ਸਭ ਤੋਂ ਪਹਿਲਾ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਸ਼੍ਰੀ ਸ਼ਿਵ ਸ਼ਕਤੀ ਮੰਦਰ ਦਾਤਾ ਰੋਡ ਵਿਖ਼ੇ ਮਾਤਾ ਰਾਣੀ ਦੇ ਝੰਡੇ ਦੀ ਪੂਜਾ ਕੀਤੀ ਗਈ, ਉਪਰੰਤ ਬੜੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਕਸਬੇ 'ਚ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਝੰਡੇ ਦੀ ਸ਼ੋਭਾ ਯਾਤਰਾ ਦੌਰਾਨ ਸਥਾਨਕ ਕਸਬੇ ਦੇ ਬਹੁਤੇ ਕੌਂਸਲਰਾਂ ਸਮੇਤ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਮੁਹਤਬਰ ਅਤੇ ਪਤਵੰਤਿਆਂ ਨੇ ਪਹੁੰਚ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆ। ਮਾਤਾ ਰਾਣੀ ਦੇ ਝੰਡੇ ਦੀ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਪੜਾਵਾਂ ਤੇ ਕਸਬਾ ਨਿਵਾਸੀਆਂ ਅਤੇ ਭਗਤਾਂ ਨੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾ ਕੇ ਸ਼ੋਭਾ ਯਾਤਰਾ ਦਾ ਸੁਆਗਤ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਦੇ ਸੇਵਾਦਾਰਾਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਇਲਾਕਾ ਨਿਵਾਸੀਆਂ, ਕਸਬਾ ਨਿਵਾਸੀਆਂ ਅਤੇ ਵਿਦੇਸ਼ ਵਿੱਚ ਬੈਠੇ ਭੈਣਾਂ-ਭਰਾਵਾਂ ਦੇ ਸਹਿਯੋਗ ਨਾਲ ਲੰਗਰ ਕਮੇਟੀ ਵੱਲੋਂ ਸ਼੍ਰੀ ਸ਼ੀਤਲਾ ਮਾਤਾ ਮੰਦਿਰ (ਹਿਮਾਚਲ ਪ੍ਰਦੇਸ਼) ਵਿੱਚ ਸਲਾਨਾ ਲੰਗਰ ਲਗਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਵੀ 17 ਅਗਸਤ ਤੋਂ 21 ਅਗਸਤ 2026 ਤੱਕ 27ਵਾਂ ਸਾਲਾਨਾ ਲੰਗਰ ਮਾਤਾ ਸ਼ੀਤਲਾ (ਹਿਮਾਚਲ ਪ੍ਰਦੇਸ਼) ਦੇ ਦਰਬਾਰ ਤੇ ਲੱਗੇਗਾ।
ਉਨ੍ਹਾਂ ਅੱਗੇ ਕਿਹਾ ਕਿ ਕਸਬੇ ਵਿੱਚੋਂ ਜੋ ਵੀ ਦਾਨ ਇਕੱਠਾ ਕੀਤਾ ਜਾ ਰਿਹਾ ਹੈ, ਲੰਗਰ ਤੋਂ ਬਾਅਦ ਉਹ ਦਾਨ ਰਾਸ਼ੀ ਦਾ ਪੈਸਾ ਕੋਟ ਈਸੇ ਖਾਂ ਵਾਲਿਆਂ ਦੀ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਬਨਣ ਵਾਲੀ ਧਰਮਸ਼ਾਲਾ ਵਿੱਚ ਲਗਾਇਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਨੂੰ ਕਸਬੇ ਅਤੇ ਇਲਾਕੇ ਵਿੱਚੋਂ ਦਾਨੀ- ਸੱਜਣਾ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਦਾਨੀ- ਸੱਜਣ ਨੇ ਸਲਾਨਾ ਲੰਗਰ ਜਾਂ ਧਰਮਸ਼ਾਲਾ ਨਿਰਮਾਣ ਦੇ ਇਸ ਨੇਕ ਕਾਰਜ 'ਚ ਦਾਨ ਪਾਉਣ ਲਈ ਦਾਨ-ਪਾਤਰ ਚਾਹੀਦਾ ਹੋਵੇ ਜਾਂ ਦਾਨ ਦੇਣਾ ਹੋਵੇ ਤਾਂ ਉਹ ਸ਼੍ਰੀ ਸ਼ੀਤਲਾ ਮਾਤਾ ਲੰਗਰ ਕਮੇਟੀ ਦੇ ਕਿਸੇ ਵੀ ਸੇਵਾਦਾਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ





