ਜ਼ੀਰਾ, 20 ਸਤੰਬਰ ( ਤੀਰਥ ਸਨੇਰ੍ਹ ): ਯੂਥ ਕਾਂਗਰਸ ਦੇ ਆਗੂ ਮਹਿਕਦੀਪ ਸਿੰਘ ਜੀਰਾ ਨੇ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਇਲਾਕੇ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਵੱਧ ਰਹੇ ਨਸ਼ਿਆਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੀ ਸੱਤਾ ਹੇਠ ਜੀਰਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਅਪਰਾਧਿਕ ਵਾਰਦਾਤਾਂ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ, ਜਿਸ ਨਾਲ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਹਿਕਦੀਪ ਸਿੰਘ ਜੀਰਾ ਨੇ ਦੱਸਿਆ ਕਿ ਪਿਛਲੇ ਮਹਿਜ਼ ਇੱਕ ਹਫ਼ਤੇ ਦੇ ਅੰਦਰ-ਅੰਦਰ ਜੀਰਾ ਅਤੇ ਮੱਖੂ ਦੇ ਇੱਕ ਪਿੰਡ ਵਿੱਚ ਨੌਜਵਾਨਾਂ ਦੇ ਸ਼ਰੇਆਮ ਕਤਲ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਫਿਰੌਤੀਆਂ ਮੰਗਣ, ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਅਨਸਰਾਂ ਨੂੰ ਪ੍ਰਸ਼ਾਸਨ ਜਾਂ ਪੁਲਿਸ ਦਾ ਕੋਈ ਖੌਫ਼ ਨਹੀਂ ਰਿਹਾ ਅਤੇ ਆਮ ਨਾਗਰਿਕ ਆਪਣੇ ਘਰਾਂ ਵਿੱਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਨਸ਼ਿਆਂ ਦੇ ਮੁੱਦੇ 'ਤੇ ਬੋਲਦਿਆਂ ਯੂਥ ਕਾਂਗਰਸ ਆਗੂ ਨੇ ਕਿਹਾ ਕਿ 'ਆਪ' ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਨਸ਼ਾ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਸੀ, ਪਰ ਅੱਜ ਹਕੀਕਤ ਇਹ ਹੈ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਦਾ ਭਵਿੱਖ ਧੁੰਦਲਾ ਹੁੰਦਾ ਜਾ ਰਿਹਾ ਹੈ। ਮਹਿਕਦੀਪ ਸਿੰਘ ਜੀਰਾ ਨੇ ਮੰਗ ਕੀਤੀ ਕਿ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ, ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਨਸ਼ਿਆਂ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਹੋਰ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਖ਼ਬਰਾਂ
ਜੀਰਾ 'ਚ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਤੇ ਨਸ਼ਿਆਂ ਨੂੰ ਲੈ ਕੇ ਯੂਥ ਕਾਂਗਰਸ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
* ਜੀਰਾ ਤੇ ਮੱਖੂ ਖੇਤਰ 'ਚ ਨੌਜਵਾਨਾਂ ਦੇ ਕਤਲਾਂ ਅਤੇ ਲੁੱਟਾਂ-ਖੋਹਾਂ 'ਤੇ ਬੋਲੇ ਮਹਿਕਦੀਪ ਸਿੰਘ ਜੀਰਾ, ਸਰਕਾਰ ਫੇਲ੍ਹ ਹੋਣ ਦੇ ਲਾਏ ਦੋਸ਼
20 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



