ਮੋਗਾ, 3 ਨਵੰਬਰ (ਜਸ਼ਨ )- ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ (ਰਜਿ.) ਮੋਗਾ ਵੱਲੋਂ ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਦੇ ਉਦੇਸ਼ ਨਾਲ ਗੁਰਦੁਆਰਾ ਬੀਬੀ ਕਾਹਨ ਕੌਰ, ਮੇਨ ਬਾਜ਼ਾਰ, ਮੋਗਾ ਵਿਖੇ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇ ਇਸ ਕੈਂਪ ਦੌਰਾਨ 350 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦਕਿ 50 ਮਰੀਜ਼ਾਂ ਦੇ ਲੈਂਜ਼ ਪਾਏ ਗਏ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਕੈਂਪ ਦਾ ਉਦਘਾਟਨ ਸਮਾਜ ਸੇਵਿਕਾ ਮਾਲਵਿਕਾ ਸੂਦ ਵੱਲੋਂ ਕੀਤਾ ਗਿਆ। ਇਸ ਮੌਕੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕੈਂਪ ਦੇ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਮਨੁੱਖਤਾ ਦੀ ਸੱਚੀ ਸੇਵਾ ਹੈ। ਅੱਖਾਂ ਮਨੁੱਖੀ ਜੀਵਨ ਦਾ ਅਨਮੋਲ ਅੰਗ ਹਨ ਅਤੇ ਅੱਖਾਂ ਦੀ ਰੌਸ਼ਨੀ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨਾ ਬਹੁਤ ਹੀ ਪੁੰਨ ਵਾਲਾ ਕਾਰਜ ਹੈ। ਅਜਿਹੇ ਮੁਫ਼ਤ ਮੈਡੀਕਲ ਕੈਂਪ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਸ ਤਰ੍ਹਾਂ ਦੇ ਆਯੋਜਨ ਸਮਾਜ ਵਿੱਚ ਸੇਵਾ ਭਾਵਨਾ, ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜ ਲੋੜਵੰਦ ਲੋਕਾਂ ਦੇ ਜੀਵਨ ਵਿੱਚ ਹਾਂ-ਪੱਖੀ ਬਦਲਾਅ ਲਿਆਉਂਦੇ ਹਨ। ਉਨ੍ਹਾਂ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਮੈਂਬਰਾਂ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ। ਕੈਂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਭਾਜਪਾ ਦੇ ਹਲਕਾ ਇੰਚਾਰਜ ਡਾ. ਹਰਜੋਤ ਕਮਲ, ਪਰਮਪਾਲ ਸਿੰਘ ਤਖਤੂਪੁਰਾ, ਲਵਲੀ ਸਿੰਗਲਾ, ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਰਾਏ ਅਤੇ ਹਿਊਮਨ ਰਾਈਟਸ ਨਾਲ ਸਬੰਧਤ ਸੰਜੀਵ ਅਰੋੜਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਭੈਣ ਅਮਰਜੀਤ ਕੌਰ, ਸੁਸ਼ੀਲ ਮੋਂਗਾ, ਸੌਰਵ ਗੋਇਲ ਸਾਲਾਸਰ ਧਾਮ, ਬਲੱਡ ਸੇਵਾ ਸੋਸਾਇਟੀ ਤੋਂ ਸਤਨਾਮ ਸਿੰਘ ਕੰਧਾ ਅਤੇ ਸਤਪਾਲ ਸਿੰਘ, ਲੋਕਲ ਗੁਰਪੁਰਬ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਵਿੱਕੀ ਅਤੇ ਸਤਨਾਮ ਸਿੰਘ ਬੀ.ਏ., ਸਮਾਜ ਸੇਵੀ ਚੰਚਲ ਪੋਪਲੀ, ਲੱਕੀ ਗਿੱਲ, ਗੁਰਮੁਖ ਭਲਾਈ ਸੰਸਥਾ ਤੋਂ ਜਸਵਿੰਦਰ ਸਿੰਘ ਬਿੱਟੂ, ਮਲਕੀਤ ਸਿੰਘ ਕਲਕੱਤਾ, ਬਲੱਡ ਡੋਨਰ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ, ਗੁਰਪ੍ਰੀਤ ਸਿੰਘ ਜੌਹਲ, ਸਾਹਿਤਕਾਰ ਸਭਾ ਤੋਂ ਡਾ. ਸਰਬਜੀਤ ਕੌਰ ਬਰਾੜ ਅਤੇ ਸਮਾਜ ਸੇਵੀ ਐੱਸ.ਕੇ. ਬਾਂਸਲ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਪ੍ਰਧਾਨ ਕੁਲਵਿੰਦਰ ਸਿੰਘ, ਕੈਸ਼ੀਅਰ ਕੇਵਲ ਸਿੰਘ ਨੈਸਲੇ, ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ, ਸਟੇਜ ਸਕੱਤਰ ਬਲਜੀਤ ਸਿੰਘ ਖੀਵਾ, ਡਾ. ਇਸਮਤ ਸਿੰਘ, ਡਾ. ਜਗਦੇਵ ਸਿੰਘ, ਹਰਵਿੰਦਰ ਸਿੰਘ ਹੈਪੀ, ਗੁਰਜਿੰਦਰ ਸਿੰਘ ਪੋਮੂ, ਹਰਪ੍ਰੀਤ ਸਿੰਘ ਖੀਵਾ, ਮੋਹਨ ਸਿੰਘ, ਰਣਜੀਤ ਸਿੰਘ, ਰਾਮ ਸਿੰਘ ਅਤੇ ਭੈਣ ਹਰਭਜਨ ਕੌਰ (ਕਾਕੂ ਆਂਟੀ) ਸਮੇਤ ਸੇਵਾ ਦਲ ਦੇ ਹੋਰ ਮੈਂਬਰ ਵੀ ਹਾਜ਼ਰ ਸਨ।