ਮੋਗਾ , 3 ਮਈ ("ਇੰਟਰਨੈਸ਼ਨਲ ਪੰਜਾਬੀ ਨਿਊਜ਼") ਅੱਜ ਦੇ ਸਮੇਂ ਵਿੱਚ ਜਦੋਂ ਕੋਈ ਬਹੁਤ ਪੜ੍ਹਿਆ-ਲਿਖਿਆ, ਸਮਝਦਾਰ ਅਤੇ ਸਮਾਜਿਕ ਤੌਰ ‘ਤੇ ਉੱਚ ਅਹੁਦਿਆਂ ਤੇ ਸਥਾਪਿਤ ਵਿਅਕਤੀ ਜਿੰਦਗੀ ਦੇ ਹੱਥੋਂ ਹਾਰ ਮੰਨ ਕੇ ਮੌਤ ਨਾਲ ਜਾ ਗਲੇ ਮਿਲਦਾ ਹੈ ਭਾਵ ਖੁਦਕੁਸ਼ੀ ਕਰ ਲੈਂਦਾ ਹੈ, ਤਾਂ ਇਹ ਸਿਰਫ਼ ਇਕ ਪਰਿਵਾਰ ਦਾ ਦੁੱਖ ਨਹੀਂ ਰਹਿੰਦਾ, ਇਹ ਪੂਰੇ ਸਮਾਜ ਲਈ ਇੱਕ ਵੱਡੀ ਚਿੰਤਾ ਅਤੇ ਚੇਤਾਵਨੀ ਬਣ ਜਾਂਦਾ ਹੈ। ਪਿਛਲੇ ਦਿਨਾਂ ਵਿਚ ਨਿਆ ਪ੍ਰਣਾਲੀ ਦੇ ਵੱਡੇ ਅਹੁਦੇ ਤੇ ਬਿਰਾਜਮਾਨ ਅਧਿਕਾਰੀ ਦੀ ਪਤਾ ਨਹੀਂ ਕੀ ਮਜਬੂਰੀ ਰਹੀ ਹੋਵੇਗੀ ਨਹੀ ਤਾਂ ਲੱਖਾਂ ਲੋਕਾਂ ਦੇ ਫੈਸਲੇ ਸੁਣਾਉਂਦਿਆਂ ਹੋਏ ਆਪਣੇ ਖੁਦ ਲਈ ਫ਼ੈਸਲਾ ਗਲਤ ਹੋ ਗਿਆ। ਉਸ ਵਲੋ ਘਰ ਵਿਚ ਆਪਣੇ ਆਪ ਨੂੰ ਫਾਸੀ ਲਗਾ ਲਈ ਬਹੁਤ ਦੁੱਖ ਭਰੀ ਖ਼ਬਰ ਸੀ। ਸ਼ਾਮ ਤਕ ਖਬਰ ਆਈ ਕਿ ਸਿਹਤ ਵਿਭਾਗ ਵਿਚ ਔਰਤ ਰੋਗਾ ਦੀ ਮਾਹਿਰ ਡਾਕਟਰ ਜਿਸਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿੰਨੇ ਮਾਸੂਮਾਂ ਨੂੰ ਜਨਮ ਲੈਣ ਵਿੱਚ ਮੁੱਖ ਭੂਮਿਕਾ ਨਿਭਾਈ ਹੋਵੇਗੀ। ਉਹ ਵੀ ਜਿਦੰਗੀ ਤੋਂ ਹਾਰ ਕੇ ਮੌਤ ਦੇ ਮੂੰਹ ਚ ਚਲੀ ਗਈ। ਫੇਰ ਇਕ ਪੁਲਿਸ ਦੇ ਅਧਿਕਾਰੀ ਆਪਣੇ ਮਸਲੇ ਸੁਲਝਾ ਨਹੀ ਸਕਿਆ ਅਤੇ ਹਾਰ ਕੇ
ਆਪਣੇ ਲਾਇਸੰਸੀ ਅਸਲੇ ਨਾਲ ਆਪਣੇ ਆਪ ਨੂੰ ਖਤਮ ਕਰ ਲਿਆ। ਫੇਰ ਹੋਰ ਇਕ ਮਨਹੂਸ ਖ਼ਬਰ ਆਈ ਇਕ ਅਧਿਆਪਕ ਨੇ ਆਪਣੀ ਜਿੰਦਗੀ ਦੇ ਸੁਆਲ ਹਲ ਨਹੀ ਸਕਿਆ ਅਤੇ ਆਪਣੇ ਆਪ ਨੂੰ ਜਿੰਦਗੀ ਦੇ ਪੇਪਰਾ ਚ ਬੁਰੀ ਤਰ੍ਹਾਂ ਫ਼ੇਲ ਕਰਾਰ ਦਿੰਦੇ ਹੋਏ ਖੁਦਕੁਸ਼ੀ ਦਾ ਰਾਹ ਚੁਣ ਲਿਆ।
ਇਕ ਵਿਦਿਆਰਥੀ ਨੇ ਸਕੂਲ ਵਿੱਚ ਆਪਣੇ ਮਾਣ ਸਨਮਾਨ ਨੂੰ ਲੱਗੀ ਠੇਸ ਨੂੰ ਗੰਭੀਰਤਾ ਨਾਲ ਮਹਿਸੂਸ ਕਰਦੇ ਹੋਏ ਦੁਨੀਆ ਨੂੰ ਆਪਣੇ ਆਪ ਹੀ ਅਲਵਿਦਾ ਕਹਿ ਦਿੱਤਾ। ਅਤੇ ਪਿੱਛੇ ਆਪਣੇ ਮਾਪਿਆ ਨੂੰ ਰੋਂਦੇ ਵਿਲਕਦੇ ਛੱਡ ਗਿਆ ।ਪਿਛਲੇ ਦਿਨਾਂ ਵਿਚ ਇਸ ਤਰਾ ਦੀਆ ਅਨੇਕਾ ਹੀ ਅਣਸੁਖਾਵੀਆ ਘਟਨਾਵਾਂ ਵਿਚ ਵਾਧਾ ਹੋਇਆ ਹੈ।
ਪਰ ਇਹ ਸਵਾਲ ਖੜਾ ਹੁੰਦਾ ਹੈ ਕਿ ਇਸ ਵਿਚ ਉਹ ਮਨੁੱਖ ਸ਼ਾਮਿਲ ਸਨ ਜਿਹਨਾਂ ਨੇ ਹੋਰਨਾਂ ਨੂੰ ਰਾਹ ਦਿਖਾਉਂਣਾ ਸੀ, ਜਦੋ ਓਹਨਾ ਕਾਮਯਾਬੀ ਦੇ ਝੰਡੇ ਗੱਡੇ ਖ਼ੁਸ਼ੀਆ ਚ ਮਸਤ ਸੀ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਸੀ।ਉਹ ਆਪਣੇ ਜੀਵਨ ਦੇ ਅੰਧੇਰੇ ਪਲਾਂ ਵਿੱਚ ਇੰਨਾ ਬੇਬਸ ਕਿਵੇਂ ਹੋ ਗਏ?
ਪੜ੍ਹਾਈ ਸਾਨੂੰ ਗਿਆਨ ਦਿੰਦੀ ਹੈ, ਅਹੁਦੇ ਸਾਨੂੰ ਮਾਨ-ਸਨਮਾਨ ਦਿੰਦੇ ਹਨ, ਪਰ ਅੰਦਰੂਨੀ ਸਖ਼ੂਨ, ਮਨ ਦੀ ਸ਼ਾਂਤੀ ਅਤੇ ਜਜ਼ਬਾਤੀ ਮਜ਼ਬੂਤੀ ਕਿਤਾਬਾਂ ਨਾਲ ਨਹੀਂ ਆਉਂਦੀ। ਅੱਜ ਦਾ ਸਮਾਜ ਦੌੜ ਰਿਹਾ ਹੈ – ਅੱਗੇ ਨਿਕਲਣ ਦੀ ਦੌੜ, ਮਾਣ-ਪ੍ਰਤਿਸ਼ਠਾ ਦੀ ਦੌੜ, ਪੈਸੇ ਦੀ ਦੌੜ। ਇਸ ਦੌੜ ਵਿੱਚ ਅਸੀਂ ਆਪਣੇ ਮਨ ਦੀ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਜਦੋਂ ਇੱਕ ਸਮਝਦਾਰ ਤੇ ਸਫਲ ਵਿਅਕਤੀ ਵੀ ਆਪਣੇ ਦੁੱਖਾਂ ਨੂੰ ਸਾਂਝਾ ਨਹੀਂ ਕਰ ਸਕਦਾ, ਤਾਂ ਇਹ ਦਰਸਾਉਂਦਾ ਹੈ ਕਿ ਸਾਡਾ ਸਮਾਜ ਅਜੇ ਵੀ ਜਜ਼ਬਾਤੀ ਤੌਰ ‘ਤੇ ਕਮਜ਼ੋਰ ਹੈ। ਅਸੀਂ ਬਾਹਰੀ ਸਫਲਤਾ ਨੂੰ ਹੀ ਸਭ ਕੁਝ ਸਮਝ ਬੈਠੇ ਹਾਂ, ਪਰ ਅੰਦਰਲੇ ਦਰਦ ਨੂੰ ਸਮਝਣ ਲਈ ਨਾ ਸਮਾਂ ਹੈ ਤੇ ਨਾ ਹੀ ਸਬਰ।
ਸਮਾਜ ਲਈ ਸੇਧ ਦੇਣ ਲਈ ਸਮਾਜ ਦੇ ਲੇਖਕਾਂ ਨੂੰ ਸਮਾਜ ਸੇਵੀ ਸੰਸਥਾਵਾ ਨੂੰ ਜਿਥੇ ਅੱਗੇ ਆਉਣਾ ਪਵੇਗਾ ਓਥੇ ਹੀ ਪੂਰੇ ਸਮਾਜ ਨੂੰ ਲੋੜ ਹੈ ਕਿ ਸਾਨੂੰ ਆਪਣੇ ਆਸ-ਪਾਸ ਦੇ ਲੋਕਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਦੀ ਸੰਸਕ੍ਰਿਤੀ ਬਣਾਉਣੀ ਪਵੇਗੀ। ਬਹੁਤ ਸਾਰੇ ਅਣਛੂਹੇ ਵਿਸ਼ੇ ਸਾਨੂੰ ਸਾਹਮਣੇ ਰੱਖਣੇ ਪਹਿਣਗੇ।
ਓਹਨਾਂ ਗਲਤ ਫਹਿਮੀਆਂ ਸਮਾਜਿਕ ਕੁਰੀਤੀਆਂ ਤੋਂ ਬਾਹਰ ਨਿਕਲਣਾ ਪਵੇਗਾ।
“ਲੋਕ ਕੀ ਕਹਿਣਗੇ” ਵਾਲੀ ਸੋਚ ਨੂੰ ਤਿਆਗਣਾ ਪਵੇਗਾ। ਇਹ ਸਮਜਣਾ ਪਵੇਗਾ ਕਿ ਲੋਕ ਤੁਹਾਡੇ ਜਿਉਂਦੇ ਜੀਅ ਨਹੀਂ ਕੁੱਝ ਕਹਿਣ ਦੀ ਹਿੰਮਤ ਨਹੀਂ ਰੱਖਦੇ ਜਿਨਾ ਤੁਹਾਡੀ ਸੋਚ ਮੁਤਾਬਿਕ ਤੁਹਾਡੇ ਮਰਨ ਤੋਂ ਬਾਅਦ ਕਹਿੰਦੇ ਹਨ। ਇਸ ਲਈ
ਲ਼ੋਕ ਤੁਹਾਡੇ ਜਿਉਂਦੇ
ਮਨੁੱਖੀ ਜਜ਼ਬਾਤਾਂ ਨੂੰ ਕਮਜ਼ੋਰੀ ਨਹੀਂ, ਸਗੋਂ ਕੁਦਰਤੀ ਹਕੀਕਤ ਵਜੋਂ ਮੰਨਣਾ ਪਵੇਗਾ।
ਜੇਕਰ ਤੁਸੀਂ ਮਾਨਸਿਕ ਰੋਗੀ ਹੋ ਚੁੱਕੇ ਹੋ ਤਾਂ ਸਭ ਤੋਂ ਪਹਿਲਾ ਤੁਹਾਨੂੰ ਇਹ ਆਪਣੇ ਆਪ ਵਿੱਚ ਮੰਨਣਾ ਪਵੇਗਾ ਕਿ ਮੇਰੇ ਮਨ ਤੇ ਨਕਾਰਾਤਮਕ ਵਿਚਾਰਾ ਦਾ ਬਹੁਤ ਵੱਡਾ ਬੋਝ ਆ ਚੁੱਕਾ ਹੈ। ਇਸ ਭਾਰ ਨੂੰ ਤੁਸੀ ਇਕੱਲੇ ਨਹੀ ਚੁੱਕ ਸਕਦੇ ਅਤੇ ਇਸ ਦੇ ਲਈ ਤੁਹਾਨੂੰ ਕਾਊਂਸਲਿੰਗ ਦੀ ਮਨੋਰੋਗਾਂ ਦੇ ਮਾਹਿਰ ਕੋਲ ਜਾਣ ਦੀ ਬਹੁਤ ਲੋੜ ਹੈ। ਸਰਕਾਰਾਂ ਦੇ ਨਾਲ ਮਿਲ ਕੇ ਸਮਾਜ ਦੇ ਜਿੰਮੇਵਾਰੀ ਹੋਰ ਵੱਡੀ ਹੋ ਜਾਂਦੀ ਹੈ ਕਿ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣੀ ਪਵੇਗੀ।
ਹਰ ਇੱਕ ਨੂੰ ਇਹ ਯਕੀਨ ਦਿਵਾਉਣਾ ਪਵੇਗਾ ਕਿ ਉਹ ਇਕੱਲਾ ਨਹੀਂ ਹੈ।
ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਇਹ ਇੱਕ ਸਥਾਈ ਫੈਸਲਾ ਹੈ ਜੋ ਅਸਥਾਈ ਮੁਸ਼ਕਲਾਂ ਕਰਕੇ ਲਿਆ ਜਾਂਦਾ ਹੈ। ਜੇ ਅਸੀਂ ਸਮੇਂ ‘ਤੇ ਕਿਸੇ ਨੂੰ ਸੁਣ ਲਈਏ, ਸਮਝ ਲਈਏ, ਉਸਦਾ ਹੱਥ ਫੜ ਲਈਏ, ਤਾਂ ਸ਼ਾਇਦ ਕਈ ਜਿੰਦਗੀਆਂ ਬਚ ਸਕਦੀਆਂ ਹਨ।
ਅਖੀਰ ਵਿੱਚ ਇਹੀ ਸੁਨੇਹਾ ਦਿੱਤਾ ਜਾ ਸਕਦਾ ਹੈ ਕਿ
ਸਮਾਜ ਦੀ ਅਸਲੀ ਤਰੱਕੀ ਇਮਾਰਤਾਂ ਨਾਲ ਨਹੀਂ, ਸਗੋਂ ਮਨੁੱਖਾਂ ਦੀ ਖੁਸ਼ਹਾਲੀ ਨਾਲ ਮਾਪੀ ਜਾਂਦੀ ਹੈ। ਜੇ ਪੜ੍ਹਿਆ-ਲਿਖਿਆ ਮਨੁੱਖ ਵੀ ਆਪਣੇ ਜੀਵਨ ਤੋਂ ਹਾਰ ਮੰਨ ਲੈਂਦਾ ਹੈ, ਤਾਂ ਸਾਨੂੰ ਆਪਣੀ ਸੋਚ ਤੇ ਆਪਣੇ ਸਮਾਜਿਕ ਢਾਂਚੇ ‘ਤੇ ਦੁਬਾਰਾ ਵਿਚਾਰ ਕਰਨ ਦੀ ਲੋੜ ਹੈ।
ਆਓ, ਇੱਕ ਅਜਿਹਾ ਸਮਾਜ ਬਣਾਈਏ ਜਿੱਥੇ ਹਰ ਵਿਅਕਤੀ ਬੇਝਿਜਕ ਆਪਣੇ ਦੁੱਖ ਸਾਂਝੇ ਕਰ ਸਕੇ, ਤੇ ਹਰ ਦਿਲ ਨੂੰ ਸੁਣਨ ਵਾਲਾ ਕੋਈ ਨਾ ਕੋਈ ਜ਼ਰੂਰ ਹੋਵੇ ਅਤੇ ਪਰਿਵਾਰਾ ਨੂੰ ਵੀ ਚਾਹੀਦਾ ਹੈ ਕਿ ਉਹ ਨਿੱਜੀ ਤੌਰ ਤੇ ਇਸ ਮਸਲੇ ਵੱਲ ਧਿਆਨ ਦੇਣ ਅਤੇ ਜੇਕਰ ਪਰਿਵਾਰ ਦਾ ਕੋਈ ਮੈਂਬਰ ਇਸ ਘਟਨਾ ਦਾ ਸ਼ਿਕਾਰ ਹੋਣ ਜਾ ਰਿਹਾ ਹੈ ਤਾਂ ਸਾਰੇ ਰਲ ਕੇ ਹੰਭਲਾ ਮਾਰਨ ਅਤੇ ਬਾਅਦ ਵਿੱਚ ਵੈਣ ਪਾਉਣ ਨਾਲੋ ਚੰਗਾ ਹੈ।ਇਕ ਜਿੰਦਗੀ ਨੂੰ ਬਚਾਉਣ ਵਿਚ ਆਪਣਾ ਯੋਗਦਾਨ ਪਾਉਣ।
ਅੰਮ੍ਰਿਤ ਸ਼ਰਮਾ
ਜੈਤੋ
ਮੋਬਾਇਲ 99153810




