ਸਾਨ ਫਰਾਂਸਿਸਕੋ, 9 ਸਤੰਬਰ (ਐਸ ਅਸ਼ੋਕ ਭੌਰਾ)-ਟਰੰਪ ਪ੍ਰਸਾਸ਼ਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ ਸਖਤ ਰੁੱਖ ਅਪਣਾ ਰਿਹਾ ਹੈ, ਐਨ ਇਸੇ ਦਰਮਿਆਨ ਇੱਕ ਪੰਜਾਬੀ ਟਰੱਕ ਡਰਾਇਵਰ ਨੇ ਪਹਿਲਾਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਪੰਜਾਬੀਆਂ ਲਈ ਹੋਰ ਪ੍ਰੇਸ਼ਾਨੀ ਵਧਾ ਦਿੱਤੀ ਜਦੋਂ ਇੰਡਿਆਨ ਸਟੇਟ ਦੀ ਪੁਟਨਮ ਕਾਂਉਂਟੀ ਵਿੱਚ ਪੁਲਿਸ ਨੇ ਲੰਘੇ ਐਤਵਾਰ ਨੂੰ ਇੱਕ ਟ੍ਰੈਫਿਕ ਸਟਾਪ ਦੌਰਾਨ ਇੱਕ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ ਲਗਭਗ 38 ਲੱਖ ਡਾਲਰ ( ਕਰੀਬ 36 ਕਰੋੜ ਰੁਪਏ)ਬਾਜਾਰੀ ਕੀਮਤ ਦੀ ਕੋਕੀਨ ਬਰਾਮਦ ਕੀਤੀ।ਜਿਸ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਆਈਐਸਪੀ ਕ੍ਰਿਮੀਨਲ ਇੰਟਰਡਿਕਸ਼ਨ ਯੂਨਿਟ ਨੇ ਪੁਟਨਮ ਕਾਉਂਟੀ ਵਿੱਚ ਹਾਈ ਵੇਅ ਆਈ-70 'ਤੇ ਪੂਰਬ ਵੱਲ ਜਾ ਰਹੇ ਇੱਕ ਵਪਾਰਕ ਮੋਟਰ ਵਾਹਨ 'ਤੇ ਇੱਕ ਟ੍ਰੈਫਿਕ ਸਟਾਪ ਲਗਾਇਆ। ਡਰਾਈਵਰ, ਹਰਪ੍ਰੀਤ ਸਿੰਘ, ਨੇ ਕਥਿਤ ਤੌਰ 'ਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਮੈਮਫ਼ਿਸ, ਟੈਨੇਸੀ ਤੋਂ ਇੰਡੀਆਨਾਪੋਲਿਸ ਲਈ ਇੱਕ ਖਾਲੀ ਟ੍ਰੇਲਰ ਲਿਜਾ ਰਿਹਾ ਹੈ।ਰੋਕਣ ‘ਤੇ ਅਧਿਕਾਰੀਆਂ ਅਨੁਸਾਰ ਡਰਾਈਵਰ ਟਰਾਂਸਪੋਰਟ ਮਿਆਰਾਂ ‘ਤੇ ਸਹੀ ਉਤਰਦਾ ਨਹੀਂ ਲੱਗ ਰਿਹਾ ਸੀ, ਜਿਸ ਕਾਰਨ ਵਾਹਨ ਨੂੰ ਤੁਰੰਤ ਜ਼ਬਤ ਕਰ ਲਿਆ ਗਿਆ। ਵਾਹਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੂੰ 277 ਪੌਂਡ ਕੋਕੀਨ ਵਾਲੇ ਕਈ ਡਫਲ ਬੈਗ ਮਿਲੇ ਤੇ ਇਸ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜਾਰ ਵਿੱਚ ਕੀਮਤ ਲਗਭਗ 38 ਲੱਖ ਡਾਲਰ ਹੋਣ ਦਾ ਅਨੁਮਾਨ ਹੈ। ਹਰਪ੍ਰੀਤ ਸਿੰਘ ਨੂੰ ਪੁਟਨਮ ਕਾਉਂਟੀ ਜੇਲ੍ਹ ਲਿਜਾਇਆ ਗਿਆ ਹੈ ਪਰ ਪੁਲਿਸ ਨੇ ਹੋਰ ਵੇਰਵੇ ਜਾਰੀ ਨਹੀਂ ਕੀਤੇ।





