12 ਸਾਲਾਂ ਦੀਆਂ ਪ੍ਰਾਪਤੀਆਂ: ਗ਼ਰੀਬੀ ਤੋਂ ਮੁਕਤੀ ਅਤੇ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ

ਲੁਧਿਆਣਾ, 13 ਜੂਨ(ਜਸ਼ਨ )

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਅੱਜ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਗਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਪਿਛਲੇ 12 ਸਾਲਾਂ ਦਾ ਕਾਰਜਕਾਲ ਵਿਸ਼ਵਾਸ, ਵਿਕਾਸ ਅਤੇ ਲੋਕ ਭਲਾਈ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਕਿਹਾ ਕਿ 140 ਕਰੋੜ ਦੇਸ਼ ਵਾਸੀਆਂ ਦੇ ਆਸ਼ੀਰਵਾਦ ਅਤੇ 'ਰਾਸ਼ਟਰ ਪਹਿਲਾਂ' ਦੀ ਭਾਵਨਾ ਨਾਲ ਸਰਕਾਰ ਨੇ ਖ਼ਾਸ ਕਰ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਅਣਥੱਕ ਕੰਮ ਕੀਤਾ ਹੈ, ਜਿਸ ਦੇ ਸਿੱਟੇ ਵਜੋਂ ਭਾਰਤ ਨੇ ਵਿਸ਼ਵ ਪੱਧਰ 'ਤੇ ਇੱਕ ਵੱਖਰੀ ਪਛਾਣ ਬਣਾਈ ਹੈ।

ਸ਼੍ਰੀ ਪੁਰੀ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ ਲਗਭਗ 24 ਕਰੋੜ ਤੋਂ ਵੱਧ ਲੋਕਾਂ ਨੂੰ ਗ਼ਰੀਬੀ ’ਚੋਂ ਬਾਹਰ ਲਿਆਂਦਾ ਗਿਆ ਹੈ। ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮੁਹਿੰਮ ਤਹਿਤ 11 ਕਰੋੜ ਤੋਂ ਵੱਧ ਪਖਾਨੇ ਬਣਾਏ ਗਏ, ਜਿਨ੍ਹਾਂ ਨਾਲ ਮੁੱਖ ਤੌਰ 'ਤੇ ਸਾਡੀਆਂ ਬੇਟੀਆਂ ਨੂੰ ਲਾਭ ਹੋਇਆ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ 4 ਕਰੋੜ ਤੋਂ ਵੱਧ ਪੱਕੇ ਘਰ ਬਣਾਏ ਗਏ ਅਤੇ ਇਨ੍ਹਾਂ ਘਰਾਂ ਦੇ ਮਾਲਕਾਨਾ ਹੱਕ ਸਾਡੀਆਂ ਭੈਣਾਂ ਅਤੇ ਬੇਟੀਆਂ ਦੇ ਨਾਮ 'ਤੇ ਦਿੱਤੇ ਗਏ ਹਨ।

ਊਰਜਾ ਖੇਤਰ ਬਾਰੇ ਚਰਚਾ ਕਰਦਿਆਂ ਕੇਂਦਰੀ ਮੰਤਰੀ ਨੇ ਦੱਸਿਆ ਕਿ 2014 ਵਿੱਚ ਐੱਲਪੀਜੀ ਸਿਲੰਡਰਾਂ ਦੀ ਗਿਣਤੀ 14 ਕਰੋੜ ਦੇ ਕਰੀਬ ਸੀ, ਜੋ ਹੁਣ ਵਧ ਕੇ ਕਰੀਬ 33 ਕਰੋੜ 50 ਲੱਖ ਹੋ ਗਈ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਕਰੀਬ 10 ਕਰੋੜ 50 ਲੱਖ ਲਾਭਪਾਤਰੀਆਂ ਨੂੰ ਰਾਹਤ ਦਿੰਦੇ ਹੋਏ, ਸਰਕਾਰ ਗਲੋਬਲ ਚੁਣੌਤੀਆਂ ਦੇ ਬਾਵਜੂਦ ਸਬਸਿਡੀ ਜਾਰੀ ਰੱਖ ਰਹੀ ਹੈ। ਸ਼੍ਰੀ ਪੁਰੀ ਨੇ ਦੱਸਿਆ ਕਿ ਰੂਸ-ਯੂਕਰੇਨ ਯੁੱਧ ਅਤੇ ਹੋਰ ਅੰਤਰਰਾਸ਼ਟਰੀ ਸੰਕਟਾਂ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਲਗਭਗ 35% ਤੋਂ 70% ਤੱਕ ਦਾ ਵਾਧਾ ਹੋਇਆ ਪਰ ਭਾਰਤ ਵਿੱਚ ਪ੍ਰਧਾਨ ਮੰਤਰੀ ਦੇ ਯਤਨਾਂ ਸਦਕਾ ਮਈ, 2022 ਅਤੇ ਮਈ, 2026 ਦੇ ਵਿਚਕਾਰ ਤੇਲ ਦੀਆਂ ਕੀਮਤਾਂ 3.1% ਘੱਟ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਵਿੱਚ ਤਿੰਨ ਵਾਰ ਕਟੌਤੀ ਕੀਤੀ, ਜਿਸ ਨਾਲ ਸਰਕਾਰੀ ਖ਼ਜ਼ਾਨੇ 'ਤੇ ਕਰੀਬ 1 ਲੱਖ ਕਰੋੜ ਰੁਪਏ ਦਾ ਭਾਰ ਪਿਆ, ਪਰ ਆਮ ਨਾਗਰਿਕਾਂ 'ਤੇ ਭਾਰ ਨਹੀਂ ਪੈਣ ਦਿੱਤਾ ਗਿਆ।

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਰਕਾਰ ਸੇਵਾ, ਸੁਸ਼ਾਸਨ ਅਤੇ ਖ਼ੁਸ਼ਹਾਲੀ ਦੇ ਰਾਹ 'ਤੇ ਲਗਾਤਾਰ ਅੱਗੇ ਵਧਦੀ ਰਹੇਗੀ।