ਕੋਟ ਈਸੇ ਖਾਂ, 13 ਸਤੰਬਰ (ਜਸ਼ਨ ) ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਵੱਡੇ-ਵੱਡੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਗਰਮੀ ਵਿਚ ਰਾਤ ਤੇ ਦਿਨ ਨੂੰ ਲੱਗ ਰਹੇ ਅਣਐਲਾਨੇ ਕੱਟਾਂ ਕਾਰਨ ਲੋਕ ਗਰਮੀ ਕਾਰਨ ਬੇਹਾਲ ਹੋ ਰਹੇ ਹਨ, ਉਥੇ ਕਾਰੋਬਾਰ ਨਾਲ ਜੁੜੇ ਲੋਕ ਵੀ ਪ੍ਰੇਸ਼ਾਨ ਹਨ। ਧਰਮਕੋਟ ਦੇ ਕਈ ਇਲਾਕਿਆਂ ਵਿਚ ਰਾਤ ਅਤੇ ਦਿਨ ਸਮੇਂ ਲੰਮੇਂ-ਲੰਮੇਂ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਮੁਹੱਲਿਆਂ ਵਿਚ ਕਈ-ਕਈ ਘੰਟੇ ਦਿਨ ਅਤੇ ਰਾਤ ਸਮੇਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਘਰੇਲੂ ਕੰਮ ਕਰਨ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ, ਉਥੇ ਕਾਰੋਬਾਰ ਨਾਲ ਸਬੰਧਤ ਲੋਕ ਵੀ ਬਿਜਲੀ ਬੰਦ ਰਹਿਣ ਕਾਰਨ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਬਿਜਲੀ ਨਾਲ ਚੱਲਣ ਵਾਲੇ ਕਾਰੋਬਾਰ ਬੰਦ ਹੋਣ ਕਾਰਨ ਲੋਕਾਂ ਦੇ ਕਾਰੋਬਾਰ ਉਪਰ ਇਸਦਾ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਇਨਵਰਟਰ ਵੀ ਕੁਝ ਸਮਾਂ ਹੀ ਚੱਲਦੇ ਹਨ, ਉਥੇ ਕਈ ਗਰੀਬ ਲੋਕਾਂ ਦੇ ਘਰਾਂ ਵਿਚ ਤਾਂ ਉਹ ਵੀ ਨਹੀਂ ਹਨ, ਜਿਸ ਕਾਰਨ ਲੋਕਾਂ ਨੂੰ ਘਰਾਂ ਦੇ ਬਾਹਰ ਬੈਠ ਕੇ ਪੱਖੀਆਂ ਝੱਲ ਕੇ ਗੁਜ਼ਾਰਾ ਕਰਨਾ ਪੈਂਦਾ ਹੈ, ਉਥੇ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗਾਂ ਦਾ ਵੀ ਬੁਰਾ ਹਾਲ ਹੁੰਦਾ ਹੈ।