ਗੁਰਦਾਸਪੁਰ, 5 ਮਈ (ਜਸ਼ਨ )
ਬੀਤੀ ਰਾਤ ਤਿੱਬੜੀ ਰੋਡ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਰਾਤ ਕਰੀਬ 10:00 ਵਜੇ ਪੀ.ਆਰ.ਟੀ.ਸੀ. ਦੀ ਬੱਸ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚਕਾਰ ਹੋਇਆ।
ਮ੍ਰਿਤਕਾਂ ਦੀ ਪਛਾਣ ਸੁਰਿੰਦਰ ਪਾਲ (ਉਮਰ ਕਰੀਬ 45 ਸਾਲ) ਅਤੇ ਸਾਜਨ(ਉਮਰ ਕਰੀਬ 26-ਸਾਲ) ਵਜੋਂ ਹੋਈ ਹੈ। ਇਹ ਦੋਵੇਂ ਪਿੰਡ ਲੱਖੋਵਾਲ ਦੇ ਰਹਿਣ ਵਾਲੇ ਸਨ ਅਤੇ ਆਪਸ ਵਿੱਚ ਰਿਸ਼ਤੇਦਾਰ ਸਨ।
ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਚਸ਼ਮਦੀਦਾਂ ਅਨੁਸਾਰ, ਨੌਜਵਾਨ ਆਪਣੇ ਕੰਮ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਤਿੱਬੜੀ ਰੋਡ 'ਤੇ ਗੇਟ ਨੰਬਰ 1 ਦੇ ਸਾਹਮਣੇ ਪਹੁੰਚੇ, ਤਾਂ ਸਾਹਮਣੇ ਤੋਂ ਆ ਰਹੀ ਚੰਡੀਗੜ੍ਹ ਡਿਪੂ ਦੀ ਪੀ.ਆਰ.ਟੀ.ਸੀ. ਬੱਸ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਉਹ ਗਲਤ ਦਿਸ਼ਾ ਤੋਂ ਆ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਾਜਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਕੁਆਰਾ ਸੀ। ਸੁਰਿੰਦਰ ਪਾਲ ਵਿਆਹਿਆ ਹੋਇਆ ਸੀ ਅਤੇ ਉਸਦੇ ਛੋਟੇ ਬੱਚੇ ਹਨ। ਇਸ ਹਾਦਸੇ ਨੇ ਹੱਸਦੇ-ਵੱਸਦੇ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਹੈ।ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ ਲਾਇਆ ਕਿ ਸਰਕਾਰੀ ਬੱਸਾਂ ਦੇ ਡਰਾਈਵਰ ਸਮੇਂ ਦੀ ਪਾਬੰਦੀ ਦੇ ਚੱਕਰ ਵਿੱਚ ਬੱਸਾਂ ਨੂੰ ਬਹੁਤ ਤੇਜ਼ ਭਜਾਉਂਦੇ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਉਹਨਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਬੱਸ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।ਰਾਤ ਦੇ ਸਮੇਂ ਬੱਸਾਂ ਦੀ ਰਫ਼ਤਾਰ 'ਤੇ ਨਕੇਲ ਕਸੀ ਜਾਵੇ। ਪੀੜਤ ਪਰਿਵਾਰਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖ਼ਬਰਾਂ
ਬੱਸ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ: ਤੇਜ਼ ਰਫਤਾਰ ਬੱਸ ਬਣੀ ਕਾਲ
5 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



