ਕਿਸ਼ਨਪੁਰਾ ਕਲਾਂ, 2 ਨਵੰਬਰ (ਜਸ਼ਨ )-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਦਿਨ-ਦਿਹਾੜੇ ਵਾਪਰ ਰਹੀਆਂ ਕਤਲ ਅਤੇ ਹੋਰ ਅਪਰਾਧਿਕ ਵਾਰਦਾਤਾਂ ਕਾਰਨ ਆਮ ਲੋਕਾਂ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਹਲਕਾ ਧਰਮਕੋਟ ਦੀ ਮੁੱਖ ਸੇਵਾਦਾਰ ਬੀਬੀ ਰਾਜ ਕੌਰ ਕਿਸ਼ਨਪੁਰਾ ਖੁਰਦ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਵਿਚ ਹਾਲ ਹੀ ਵਿਚ ਵਾਪਰੀ ਘਟਨਾ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿਚ ਨਸ਼ਿਆਂ ਦਾ ਕਾਰੋਬਾਰ ਵੀ ਲਗਾਤਾਰ ਵਧ ਰਿਹਾ ਹੈ ਅਤੇ ਨਸ਼ਿਆਂ ਦੀ ਹੋਮ ਡਿਲੀਵਰੀ ਵਰਗੀਆਂ ਖ਼ਬਰਾਂ ਸਾਹਮਣੇ ਆਉਣਾ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਕਾਰਨ ਨੌਜਵਾਨ ਪੀੜ੍ਹੀ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ ਅਤੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਬੀ ਰਾਜ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਵਿਚੋਂ ਵੱਡੀ ਰਕਮ ਦੂਜੇ ਸੂਬਿਆਂ ਵਿਚ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੀ ਜਾ ਰਹੀ ਹੈ, ਜਦਕਿ ਪੰਜਾਬ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਅਨੁਸਾਰ ਸੂਬੇ ਸਿਰ ਕਰਜ਼ੇ ਦਾ ਬੋਝ ਲਗਾਤਾਰ ਵਧ ਰਿਹਾ ਹੈ ਅਤੇ ਸਰਕਾਰ ਨਵੇਂ ਆਰਥਿਕ ਵਸੀਲੇ ਪੈਦਾ ਕਰਨ ਵਿਚ ਵੀ ਸਫਲ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਵਿਕਾਸ ਅਤੇ ਆਰਥਿਕ ਸੁਧਾਰਾਂ ਦੇ ਦਾਅਵਿਆਂ ਦੇ ਬਾਵਜੂਦ ਪੰਜਾਬ ਦੀ ਆਰਥਿਕ ਸਥਿਤੀ ਨੂੰ ਲੈ ਕੇ ਲੋਕਾਂ ਵਿਚ ਚਿੰਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਵਾਦ ਤੇ ਨਸ਼ਿਆ ਦੀ ਭੈੜੀ ਅਲਾਮਤ ਨੂੰ ਨੱਥ ਪਾਉਣ ਲੲਈ ਪੰਜਾਬ ਅੰਦਰ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ । ਇਸ ਮੌਕੇ ਮੰਗਲ ਸਿੰਘ ਵਾਈਸ ਮੰਡਲ ਪ੍ਰਧਾਨ ਧਰਮਕੋਟ, ਅੰਗਰੇਜ਼ ਸਿੰਘ ਜਲਾਲਾਬਾਦ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਦੇਵ ਸਿੰਘ ਭਿੰਡਰ, ਰਵੀ ਸਿੰਘ ਭਿੰਡਰ, ਜਸਵੀਰ ਸਿੰਘ ਕਿਸ਼ਨਪੁਰਾ ਖੁਰਦ, ਜਸਵੀਰ ਸਿੰਘ ਜਲਾਲਾਬਾਦ, ਜੈਜੀਤ ਸਿੰਘ, ਲਖਵੀਰ ਸਿੰਘ ਬੱਗੇ, ਜਗਜੀਤ ਸਿੰਘ ਫੌਜੀ, ਇਕਬਾਲ ਸਿੰਘ ਭੁੱਲਰ ਅਤੇ ਬਲਜਿੰਦਰ ਸਿੰਘ ਨੂਰਪੁਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।