ਕੈਨੇਡਾ;ਮੈਨੀਟੋਬਾ ,9 ਸਤੰਬਰ (ਕੁਲਤਾਰਨ ਸਿੰਘ ਪਧਿਆਣਾ): ਮੈਨੀਟੋਬਾ ਭਰ ਤੋਂ ਹਜ਼ਾਰਾਂ ਸਿੱਖ ਵਿਨੀਪੈਗ ਦੇ ਸਾਲਾਨਾ ਨਗਰ ਕੀਰਤਨ ਪਰੇਡ ਵਿੱਚ ਸ਼ਾਮਲ ਹੋਏ । ਹਾਲ ਹੀ ਦੇ ਦਿਨਾਂ ਵਿੱਚ ਸਮਾਗਮ ਨੂੰ ਨਿਸ਼ਾਨਾ ਬਣਾਉਂਦੀਆਂ ਧਮਕੀਆਂ ਅਤੇ ਨਫ਼ਰਤੀ ਗ੍ਰਾਫ਼ਿਟੀ ਸਾਹਮਣੇ ਆਉਣ ਦੇ ਬਾਵਜੂਦ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵਾਬ ਕਿਨਿਊ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਵੀ ਨਫ਼ਰਤ ਅਤੇ ਧਮਕੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੈਨੀਟੋਬਾ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ।
ਨਗਰ ਕੀਰਤਨ ਲੋਕਲ ਮੈਮੋਰੀਅਲ ਪਾਰਕ ਤੋਂ ਸ਼ੁਰੂ ਹੋਇਆ ਸੀ, ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਅਗਵਾਈ ਹੇਠ ਨਗਰ ਕੀਰਤਨ ਡਾਊਨਟਾਊਨ ਵਿਨੀਪੈਗ ਦੀਆਂ ਸੜਕਾਂ ’ਤੋਂ ਗੁਜ਼ਰਿਆ। ਇਸ ਸਾਲ ਦਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸੀ। ਪੁਲਿਸ ਨੇ ਦੱਸਿਆ ਕਿ ਨਗਰ ਕੀਰਤਨ ਤੋਂ ਪਹਿਲਾਂ ਸ਼ਹਿਰ ਵਿੱਚ ਕੁਝ ਟਰਾਂਜ਼ਿਟ ਸਾਈਨਾਂ ’ਤੇ ਨਫ਼ਰਤੀ ਚਿੰਨ੍ਹ ਅਤੇ ਧਮਕੀ ਭਰੀ ਗ੍ਰਾਫ਼ਿਟੀ ਦੀ ਰਿਪੋਰਟ ਮਿਲੀ ਸੀ। ਮਾਮਲੇ ਦੀ ਜਾਂਚ ਹੇਟ ਕ੍ਰਾਈਮ ਕੋਆਰਡੀਨੇਟਰਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਸਮਾਗਮ ਦੌਰਾਨ ਪੁਲਿਸ ਦੀ ਵਾਧੂ ਮੌਜੂਦਗੀ ਰੱਖੀ ਗਈ ਸੀ।

ਗੁਰੂ ਦੀਆਂ ਸੰਗਤਾਂ