ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਅਕਾਲੀ ਦਲ ਵਾਰਿਸ ਪੰਜਾਬ ਦੇ ਲਈ ਮੀਡੀਆ ਇੰਚਾਰਜ ( ਪੰਜਾਬ ) ਵਜੋਂ ਸੇਵਾ ਨਿਭਾ ਰਹੇ ਸ਼ਮਸ਼ੇਰ ਸਿੰਘ ਪੱਧਰੀ ਨੇ ਮੀਡਿਆ ਬਿਆਨ ਰਾਹੀਂ ਕਿਹਾ ਕਿ ਬੀਤੀ 6 ਸਤੰਬਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਸ਼ਹੀਦੀ ਦਿਹਾੜਾ ਸੀ, ਉਹ ਮਹਾਨ ਇਨਸਾਨ ਜਿਨ੍ਹਾਂ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ, ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਲਾਪਤਾ ਹੋਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੱਤੀ। ਸਮੁੱਚੀ ਸਿੱਖ ਕੌਮ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਲਈ ਖੜ੍ਹਨ ਵਾਲੇ ਹਰ ਇਨਸਾਨ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਯਾਦ ਕੀਤਾ ਗਿਆ, ਪਰ ਇਸ ਪੂਰੇ ਮਾਹੌਲ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡਾ ਪੰਥਕ ਅਖਵਾਉਣ ਵਾਲੇ ਅਕਾਲੀ ਦਲ ਬਾਦਲ ਦੀ ਚੁੱਪ ਬੇਹੱਦ ਗੰਭੀਰ ਸਵਾਲ ਖੜ੍ਹੇ ਕਰਨ ਵਾਲੀ ਹੈ। ਜਿਹੜੇ ਆਗੂ ਦਿਨ-ਰਾਤ ਆਪਣੇ ਆਪ ਨੂੰ ਪੰਥ ਦੇ ਸਭ ਤੋਂ ਵੱਡੇ ਹਿਤੈਸ਼ੀ ਦੱਸਦੇ ਹਨ, ਦੂਜਿਆਂ ਨੂੰ ਪੰਥਕਤਾ ਦੇ ਸਰਟੀਫਿਕੇਟ ਵੰਡਦੇ ਹਨ ਅਤੇ ਛੋਟੇ-ਛੋਟੇ ਸਿਆਸੀ ਮੁੱਦਿਆਂ ਉੱਤੇ ਤੁਰੰਤ ਬਿਆਨ, ਪ੍ਰੈੱਸ ਕਾਨਫਰੰਸਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਕਰਦੇ ਹਨ, ਉਨ੍ਹਾਂ ਵੱਲੋਂ ਬੀਤੇ ਕੱਲ ਇਸ ਮਹਾਨ ਸ਼ਹੀਦ ਦੀ ਯਾਦ ਵਿੱਚ ਜਨਤਕ ਤੌਰ ’ਤੇ ਸ਼ਰਧਾਂਜਲੀ ਕਿਤੇ ਵੀ ਕਿਉਂ ਨਜ਼ਰ ਨਹੀਂ ਆਈ ? ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਆਗੂਆਂ ਦੀ ਚੁੱਪ ਖ਼ਾਸ ਤੌਰ ’ਤੇ ਸਵਾਲ ਖੜ੍ਹੇ ਕਰਦੀ ਹੈ। ਪੰਥਪ੍ਰਸਤੀ ਸਿਰਫ਼ ਚੋਣਾਂ ਵੇਲੇ ਨਾਅਰੇ ਲਾਉਣ, ਪੰਥ ਦਾ ਨਾਮ ਵਰਤਣ ਜਾਂ ਦੂਜਿਆਂ ਉੱਤੇ ਉਂਗਲ ਚੁੱਕਣ ਦਾ ਨਾਮ ਨਹੀਂ,ਸਗੋਂ ਪੰਥਪ੍ਰਸਤੀ ਤਾਂ ਸ਼ਹੀਦਾਂ ਦੀ ਸੋਚ, ਉਨ੍ਹਾਂ ਦੀ ਕੁਰਬਾਨੀ ਅਤੇ ਸੱਚ ਲਈ ਖੜ੍ਹਨ ਦੀ ਹਿੰਮਤ ਨਾਲ ਜੁੜੀ ਭਾਵਨਾ ਹੁੰਦੀ ਹੈ। ਪੰਜਾਬ ਦੇ ਨੌਜਵਾਨਾਂ ਨੂੰ ਹੁਣ ਸਿਰਫ਼ ਸਿਆਸੀ ਦਾਅਵਿਆਂ ’ਤੇ ਨਹੀਂ, ਸਗੋਂ ਆਗੂਆਂ ਦੇ ਅਮਲ ਅਤੇ ਕਿਰਦਾਰ ’ਤੇ ਵੀ ਸਵਾਲ ਕਰਨੇ ਚਾਹੀਦੇ ਹਨ। ਅੱਜ ਹਰ ਨੌਜਵਾਨ ਖੁਦ ਇਨ੍ਹਾਂ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਜਾ ਕੇ ਵੇਖੇ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਇਨ੍ਹਾਂ ਅਖੌਤੀ ਪੰਥਪ੍ਰਸਤਾਂ ਨੂੰ ਇੰਨਾ ਵੀ ਸਮਾਂ ਨਹੀਂ ਮਿਲਿਆ ਜਾਂ ਇਹਨਾਂ ਦੀ ਜ਼ਮੀਰ ਨਹੀਂ ਜਾਗੀ ਕਿ ਘੱਟੋ-ਘੱਟ ਇੱਕ ਪੋਸਟ ਹੀ ਪਾ ਦਿੰਦੇ ਕਿ ਉਹ ਕੌਮ ਦੇ ਮਹਾਨ ਸ਼ਹੀਦ ਹਨ ਅਤੇ ਉਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ। ਇਹ ਚੁੱਪ ਆਪਣੇ ਆਪ ਵਿੱਚ ਇਨ੍ਹਾਂ ਦੇ ਪੰਥਕ ਦਾਅਵਿਆਂ ਦੀ ਹਕੀਕਤ ਬਿਆਨ ਕਰਦੀ ਹੈ। ਦੇਸ਼ ਦੁਨੀਆ ਦੀ ਸੰਗਤ ਆਪਣੇ ਆਪ ਫ਼ੈਸਲਾ ਕਰੇ ਕਿ ਜਿਹੜੇ ਲੋਕ ਆਪਣੇ ਆਪ ਨੂੰ ਪੰਥ ਦੇ ਸਭ ਤੋਂ ਵੱਡੇ ਠੇਕੇਦਾਰ ਦੱਸਦੇ ਹਨ, ਉਨ੍ਹਾਂ ਲਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਦੀ ਯਾਦ ਕਿੰਨੀ ਮਹੱਤਵਪੂਰਨ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਕਿਸੇ ਪਾਰਟੀ, ਪਰਿਵਾਰ ਜਾਂ ਸਿਆਸੀ ਧੜੇ ਦੀ ਜਾਇਦਾਦ ਨਹੀਂ ਹੁੰਦੀਆਂ, ਇਹ ਪੂਰੀ ਕੌਮ ਅਤੇ ਮਨੁੱਖਤਾ ਦੀ ਸਾਂਝੀ ਵਿਰਾਸਤ ਹੁੰਦੀਆਂ ਹਨ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਵਾਰ-ਵਾਰ ਦਾਸ ਵਜੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਨੇ । ਉਨ੍ਹਾਂ ਦੀ ਸ਼ਹਾਦਤ ਸਾਨੂੰ ਹਮੇਸ਼ਾ ਸੱਚ, ਇਨਸਾਫ਼ ਅਤੇ ਜ਼ੁਲਮ ਦੇ ਵਿਰੁੱਧ ਨਿਡਰ ਹੋ ਕੇ ਖੜ੍ਹਨ ਦੀ ਪ੍ਰੇਰਣਾ ਦਿੰਦੀ ਰਹੇਗੀ।