ਮੋਗਾ 17 ਸਤੰਬਰ (ਜਸ਼ਨ) ਯੂਥ ਅਕਾਲੀ ਦਲ ਦੇ ਨਿਧੜਕ ਆਗੂ ਦਿਲਬਾਗ ਸਿੰਘ 'ਹੈਪੀ ਭੁੱਲਰ' ਸਰਕਲ ਪ੍ਰਧਾਨ ਫ਼ਤਹਿਗੜ੍ਹ ਪੰਜਤੂਰ ,ਹਲਕਾ ਧਰਮਕੋਟ ਨੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਉਹਨਾਂ ਬਿਜਲੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਸਨ ਕਿ ਬਿਜਲੀ ਝੁਮੱਕਾ ਵੀ ਨਹੀਂ ਮਾਰੂਗੀ ਅਤੇ ਕਿਸਾਨਾਂ ਨੂੰ ਦਿਨ ਸਮੇਂ ਅੱਠ ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਸਰਕਾਰ ਬਿਜਲੀ ਦੀ ਸਪਲਾਈ ਦੇ ਮਾਮਲੇ ਵਿੱਚ ਫੇਲ੍ਹ ਹੋ ਗਈ ਹੈ ਅਤੇ ਹਾਲਾਤ ਇਸ ਕਦਰ ਬਣੇ ਹੋਏ ਹਨ ਕਿ ਲੋਕਾਂ ਵਿੱਚ ਬਿਜਲੀ ਨੂੰ ਲੈਕੇ ਹਾਹਾਕਾਰ ਮੱਚੀ ਪਈ ਹੈ ਅਤੇ ਕਿਸਾਨਾਂ ਨੂੰ ਆਪਣੀ ਝੋਨੇ ਦੀ ਫ਼ਸਲ ਪਾਲਣੀ ਵੀ ਔਖੀ ਹੋਈ ਪਈ ਹੈ ਅਤੇ ਕਿਸਾਨ ਪਾਵਰ ਗਰਿੱਡਾਂ ਦੇ ਮੂਹਰੇ ਧਰਨੇ ਦੇਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਬਿਜਲੀ ਵਿਭਾਗ ਨਾਲ ਕੋਈ ਤਾਲਮੇਲ ਨਹੀਂ ਬਣਾਇਆ ਅਤੇ ਨਾਂ ਹੀ ਝੋਨੇ ਅਤੇ ਗਰਮੀ ਦੇ ਮੌਸਮ ਨੂੰ ਲੈਕੇ ਪਾਵਰਕੌਮ ਦੇ ਅਧਿਕਾਰੀਆਂ ਨਾਲ ਕੋਈ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਿਸ ਦਾ ਖਮਿਆਜ਼ਾ ਹੁਣ ਆਮ ਲੋਕ ਤੇ ਕਿਸਾਨ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਿਜਲੀ ਦੀ ਸਪਲਾਈ ਨਿਰਵਿਘਨ ਕਿਸਾਨਾਂ ਨੂੰ ਅਤੇ ਘਰਾਂ ਨੂੰ ਮਿਲਦੀ ਸੀ ਅਤੇ ਪੰਜਾਬ ਹੀ ਇੱਕ ਅਜਿਹਾ ਸੂਬਾ ਸੀ ਜਿਹੜਾ ਬਿਜਲੀ ਸਰਪਲੱਸ ਬਣਿਆ ਅਤੇ ਪੰਜਾਬ ਤੋਂ ਗਵਾਂਡੀ ਰਾਜ ਵੀ ਬਿਜਲੀ ਲੈਂਦੇ ਰਹੇ ਅਤੇ ਅੱਜ ਹਾਲਾਤ ਇਹ ਹਨ ਕਿ ਕੋਈ ਵੀ ਗਵਾਂਡੀ ਰਾਜ ਪੰਜਾਬ ਨੂੰ ਬਿਜਲੀ ਨਹੀਂ ਦੇ ਰਿਹਾ ਕਿਉਂਕਿ ਆਪ ਸਰਕਾਰ ਕੋਲ ਬਿਜਲੀ ਲੈਣ ਲਈ ਪੈਸਾ ਹੀ ਨਹੀਂ ਹੈ ਅਤੇ ਪਾਵਰਕੌਮ ਮਹਿਕਮਾ ਵੀ ਡੁੱਬਣ ਕਿਨਾਰੇ ਹੈ ਅਤੇ ਮੁੱਖ ਮੰਤਰੀ ਆਪਣੀ ਵਾਹ ਵਾਹ ਖੱਟਣ ਲਈ ਦੂਸਰੇ ਰਾਜਾਂ ਦੇ ਅਖ਼ਬਾਰਾਂ ਵਿੱਚ ਫੋਕੀ ਇਸ਼ਤਿਹਾਰਬਾਜ਼ੀ ਕਰਕੇ ਖਰਚ ਕਰ ਰਹੇ ਨੇ । ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿੱਚ ਕੁੱਝ ਮਹੀਨੇ ਰਹਿ ਗਏ ਹਨ ਅਤੇ ਸੂਬੇ ਦੇ ਲੋਕ ਆਪ ਪਾਰਟੀ ਨੂੰ ਸਬਕ ਸਿਖਾਉਣ ਲਈ ਕਾਹਲੇ ਪਏ ਹਨ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਗੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸੂਬਾ ਇੱਕ ਵਾਰ ਫਿਰ ਵਿਕਾਸ, ਅਮਨ ਅਤੇ ਖੁਸ਼ਹਾਲੀ ਵੱਲ ਅੱਗੇ ਵਧੇਗਾ ।
ਖ਼ਬਰਾਂ
ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵੇ ਕਰਨ ਵਾਲੀ ਸਰਕਾਰ ਬਿਜਲੀ ਦੇ ਫ਼ਰੰਟ ਤੇ ਫੇਲ੍ਹ, ਲੋਕ ਤੇ ਕਿਸਾਨ ਧਰਨੇ ਲਾਉਣ ਲਈ ਮਜਬੂਰ :ਦਿਲਬਾਗ ਸਿੰਘ 'ਹੈਪੀ ਭੁੱਲਰ'
17 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



