ਮੋਗਾ 31 ਅਕਤੂਬਰ (ਜਸ਼ਨ ) : ਮੋਗੇ ਦੀ ਧਰਤੀ ਤੇ ਪੈਦਾ ਹੋਏ ਡਾ ਨਰਿੰਦਰ ਸਿੰਘ ਕਪਾਨੀ, ਜੋ ਬਚਪਨ ਵਿੱਚ ਲਾਲਟੈਣ ਦੀ ਰੋਸ਼ਨੀ ਵਿੱਚ ਪੜਦੇ ਸਨ, ਨੇ ਫਾਈਬਰ ਦੀਆਂ ਤਾਰਾਂ ਰਾਹੀਂ ਪ੍ਰਤੀ ਸੈਕਿੰਡ ਤਿੰਨ ਲੱਖ ਕਿਲੋਮੀਟਰ ਦੀ ਸਪੀਡ ਨਾਲ ਰੋਸ਼ਨੀ ਲੰਘਾ ਕੇ ਇੰਟਰਨੈੱਟ ਅਤੇ ਮੈਡੀਕਲ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ ਹੈ, ਇਸ ਨਾਲ ਜਿੱਥੇ ਜੀਵਨ ਸੁਖਾਲਾ ਹੋਇਆ ਹੈ ਉਥੇ ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਉਣ ਵਿੱਚ ਵੀ ਮੱਦਦ ਮਿਲੀ ਹੈ। ਉਨ੍ਹਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਵਿੱਚੋਂ 100 ਤੋਂ ਉਪਰ ਪੇਟੈੰਟ ਹਨ। ਇਸ ਲਈ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਏ ਡੀ ਸੀ ਸ. ਜਸਪਿੰਦਰ ਸਿੰਘ ਵੱਲੋਂ ਸਿਵਲ ਸੁਸਾਇਟੀ ਮੋਗਾ ਅਤੇ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਵੱਲੋਂ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਵਿਖੇ ਉਘੇ ਵਿਗਿਆਨੀ ਡਾ ਨਰਿੰਦਰ ਸਿੰਘ ਕਪਾਨੀ ਜੀ ਦੇ 100ਵੇੰ ਜਨਮ ਦਿਨ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਵੱਲੋਂ ਸਮਾਗਮ ਦੀ ਸ਼ੁਰੂਆਤ ਮੋਗੇ ਦੇ ਪ੍ਰਸਿੱਧ ਆਰਟਿਸਟ ਗੁਰਪ੍ਰੀਤ ਕੋਮਲ ਵੱਲੋਂ ਬਣਾਈ ਗਈ ਡਾ ਨਰਿੰਦਰ ਕਪਾਨੀ ਦੀ ਖੂਬਸੂਰਤ ਪੇਟਿੰਗ ਤੋਂ ਪਰਦਾ ਹਟਾ ਕੇ ਕੀਤੀ ਗਈ। ਆਪਣੇ ਸਵਾਗਤੀ ਭਾਸ਼ਣ ਦੌਰਾਨ ਡਾ ਕੁਲਦੀਪ ਸਿੰਘ ਗਿੱਲ ਨੇ ਡਾ ਕਪਾਨੀ ਦੇ ਮੋਗੇ ਨਾਲ ਸਬੰਧਾਂ ਅਤੇ ਸਿਵਲ ਸੁਸਾਇਟੀ ਮੋਗਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਰਨਲ ਜਗਤਾਰ ਸਿੰਘ ਮੁਲਤਾਨੀ ਨੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਅਤੇ ਡਾ ਕਪਾਨੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਮੋਗਾ ਦੀ ਧਰਤੀ ਨੂੰ ਸਿਜਦਾ ਕੀਤਾ, ਜਿਸਦੀ ਮਿੱਟੀ ਵਿੱਚੋਂ ਇਹ ਬੇਸ਼ਕੀਮਤੀ ਹੀਰਾ ਪੈਦਾ ਹੋਇਆ। ਉਨ੍ਹਾਂ ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਵੱਲੋਂ ਡਾ ਕਪਾਨੀ ਦੇ ਸਬੰਧ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ। ਲੇਖਕ ਪ੍ਰਗਟ ਸਿੰਘ ਗਿੱਲ ਬਾਗੀ ਨੇ ਡਾ ਕਪਾਨੀ ਦਾ ਨਾਨਕਾ ਪਰਿਵਾਰ ਲੱਭਣ ਲਈ ਸਿਵਲ ਸੁਸਾਇਟੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਅਤੇ ਡਾ ਕਪਾਨੀ ਦੀ ਜਿੰਦਗੀ ਦੇ ਕੁੱਝ ਅਣਛੋਹੇ ਤੱਥਾਂ ਬਾਰੇ ਕੀਤੀ ਖੋਜ ਦੀ ਜਾਣਕਾਰੀ ਦਿੱਤੀ। ਡਾ ਕਪਾਨੀ ਦੇ ਨਾਨਕਾ ਪਰਿਵਾਰ ਵਿੱਚੋਂ ਡਾ ਅਮ੍ਰਿਤਪਾਲ ਸੋਢੀ ਨੇ ਉਨ੍ਹਾਂ ਦੇ ਬਚਪਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਲਾਲਟੈਣ ਦੀ ਰੋਸ਼ਨੀ ਵਿੱਚ ਪੜਦੇ ਸਨ ਤੇ ਉਸੇ ਰੌਸ਼ਨੀ ਨੇ ਉਨ੍ਹਾਂ ਨੂੰ ਖੋਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੋਗੇ ਵਿੱਚ ਉਨ੍ਹਾਂ ਵੱਲੋਂ ਬਿਤਾਏ ਪਲਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਾ ਨਵਰਾਜ ਸਿੰਘ, ਡਾ ਪਵਨ ਥਾਪਰ ਅਤੇ ਡਾ ਰਮਿੰਦਰ ਸ਼ਰਮਾ ਨੇ ਮੈਡੀਕਲ ਖੇਤਰ ਦੀ ਆਧੁਨਿਕਤਾ ਵਿੱਚ ਡਾ ਕਪਾਨੀ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸੁਰਜੀਤ ਸਿੰਘ ਦੌਧਰ, ਲੇਖਕ ਗੁਰਮੇਲ ਸਿੰਘ ਬੌਡੇ, ਐਡਵੋਕੇਟ ਰਵਿੰਦਰ ਕੌਰ, ਐਡਵੋਕੇਟ ਰਾਣੂ ਗਿੱਲ ਅਤੇ ਪ੍ਰੋ. ਬਲਵਿੰਦਰ ਸਿੰਘ ਦੌਲਤਪੁਰਾ ਨੇ ਵੀ ਆਪਣੇ ਸੰਬੋਧਨ ਵਿੱਚ ਡਾ ਨਰਿੰਦਰ ਕਪਾਨੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਿਵਲ ਸੁਸਾਇਟੀ ਮੋਗਾ ਦੇ ਪ੍ਰਜੀਡੀਅਮ ਮੈੰਬਰ ਮਹਿੰਦਰ ਪਾਲ ਲੂੰਬਾ ਨੇ ਜਿਲ੍ਹਾ ਪ੍ਰਸਾਸ਼ਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਮੋਗਾ ਦੇ ਬੱਸ ਸਟੈਂਡ ਦਾ ਨਾਮ ਡਾ ਕਪਾਨੀ ਦੇ ਨਾਮ ਤੇ ਰੱਖਿਆ ਜਾਵੇ, ਉਨ੍ਹਾਂ ਦਾ ਆਦਮ ਕੱਦ ਬੁੱਤ ਲਗਾਉਣ ਅਤੇ ਉਨ੍ਹਾਂ ਦੇ ਨਾਮ ਤੇ ਇੱਕ ਯਾਦਗਾਰੀ ਲਾਇਬ੍ਰੇਰੀ ਸਥਾਪਤ ਕਰਨ ਦੀ ਮੰਗ ਕੀਤੀ। ਇਸ ਸਮਾਗਮ ਵਿੱਚ ਡੀ ਐਨ ਮਾਡਲ ਸਕੂਲ ਮੋਗਾ, ਆਰ ਕੇ ਐਸ ਪਬਲਿਕ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਭਾਈ ਘਨਈਆ ਨਰਸਿੰਗ ਕਾਲਜ ਕੋਟ ਈਸੇ ਖਾਂ, ਬਾਬਾ ਮੰਗਲ ਸਿੰਘ ਕਾਲਜ ਬੁੱਘੀਪੁਰਾ, ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਅਤੇ ਸਰਕਾਰੀ ਆਈ ਟੀ ਆਈ ਮੋਗਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਬਾਰੇ ਭਾਸ਼ਣ ਵੀ ਕੀਤੇ ਗਏ। ਉਘੇ ਪੱਤਰਕਾਰ ਸੱਤਿਅਨ ਓਝਾ ਵੱਲੋਂ ਉਨ੍ਹਾਂ ਤੇ ਤਿਆਰ ਕੀਤੀ ਗਈ ਇੱਕ ਲਘੂ ਡਾਕੂਮੈਂਟਰੀ ਵੀ ਪ੍ਰਦਰਸ਼ਿਤ ਕੀਤੀ ਗਈ ਅਤੇ ਅੱਠ ਸਾਲ ਪਹਿਲਾਂ ਡਾ ਕਪਾਨੀ ਦਾ ਆਦਮਕੱਦ ਬੁੱਤ ਬਨਾਉਣ ਵਾਲੇ ਮੋਗੇ ਦੇ ਪ੍ਰਸਿੱਧ ਆਰਟਿਸਟ ਮਨਜੀਤ ਸਿੰਘ ਘੱਲਕਲਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸਰੋ ਵਿੱਚ ਕੰਮ ਕਰਨ ਵਾਲ਼ੇ ਮੋਗਾ ਸ਼ਹਿਰ ਦੇ ਵਿਗਿਆਨੀ ਹਰਜੀਤ ਸਿੰਘ ਦੇ ਪਿਤਾ ਸੁਰਿੰਦਰ ਸਿੰਘ ਨੇ ਆਪਣੇ ਬੇਟੇ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਤੇ ਇਸ ਮੌਕੇ ਉਨ੍ਹਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸ਼ੇਰਜਗਜੀਤ ਸਿੰਘ ਜੀ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ, ਵਿਦਿਆਰਥੀਆਂ, ਅਧਿਆਪਕਾਂ, ਸੰਸਥਾਵਾਂ, ਬੁੱਧੀਜੀਵੀਆਂ ਅਤੇ ਆਮ ਸ਼ਹਿਰੀਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਕਾਮਯਾਬੀ ਵਿੱਚ ਡਾ ਨਰਿੰਦਰ ਕਪਾਨੀ ਫਾਊਂਡੇਸ਼ਨ, ਕੇਸੂ ਇਨਵਾਇਰਨਮੈਂਟ ਫਾਊਂਡੇਸ਼ਨ, ਪੰਜਾਬੀ ਹੈਰੀਟੇਜ ਆਸਟ੍ਰੇਲੀਆ ਵੱਲੋਂ ਵੀ ਯੋਗਦਾਨ ਪਾਇਆ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਸੁਰਜੀਤ ਕੌਰ ਸੋਢੀ, ਮਨਦੀਪ ਕੌਰ ਸੋਢੀ, ਨਿਧੜਕ ਸਿੰਘ ਬਰਾੜ, ਦਵਿੰਦਰ ਸਿੰਘ ਧਾਲੀਵਾਲ, ਚਮਕੌਰ ਸਿੰਘ ਘੋਲੀਆ, ਸ਼ਰਨਵੀਰ ਸਿੰਘ, ਰਾਜਪ੍ਰੀਤ ਸਿੰਘ ਢਿੱਲੋਂ, ਰਸ਼ਪਾਲ ਸਿੰਘ ਬਰਾੜ, ਸੁਖਚੈਨ ਸਿੰਘ ਸੋਢੀ, ਜਤਿੰਦਰ ਪਾਲ ਸਿੰਘ, ਪ੍ਰੋ. ਅਮ੍ਰਿਤਪਾਲ ਸਿੰਘ ਪਾਲੀ, ਕੁਲਦੀਪ ਸਿੰਘ ਚੁੱਘਾ, ਤੀਰਥ ਸਿੰਘ ਮੱਲ੍ਹੀ, ਬਬਲੀ ਮੋਗਾ, ਜੋਗਿੰਦਰ ਸਿੰਘ ਮਾਹਲਾ, ਮਨਿੰਦਰ ਸਿੰਘ ਬੇਦੀ, ਅਮਰਜੀਤ ਸਿੰਘ ਜੱਸਲ, ਅਮਰਦੀਪ ਅਨੇਜਾ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਤੇਜਾ ਸਿੰਘ ਬਰਾੜ, ਵੀ ਪੀ ਸੇਠੀ, ਕੰਵਲਜੀਤ ਮਹੇਸਰੀ ਅਤੇ ਸੋਨੀਆ ਅਨੇਜਾ ਆਦਿ ਹਾਜ਼ਰ ਸਨ।