ਮੋਗਾ 21, ਜੂਨ (ਲਛਮਣਜੀਤ ਸਿੰਘ ਪੁਰਬਾ) : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਅੱਜ ਮੋਗਾ ਦੇ ਗੁਰੂ ਰਾਮ ਦਾਸ ਨਗਰ ਦੇ ਰਹਿਣ ਵਾਲੇ ਦੋ ਸਗੇ ਭਰਾਵਾਂ ਦੀ ਕਥਿਤ ਗੈਰਕਾਨੂੰਨੀ ਸੰਪਤੀ 'ਤੇ ਮੋਗਾ ਨਗਰ ਨਿਗਮ ਵੱਲੋਂ ਬੁਲਡੋਜ਼ਰ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਰਹੀ। ਮੌਕੇ 'ਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਅਤੇ ਪੂਰੀ ਕਾਰਵਾਈ ਉਨ੍ਹਾਂ ਦੀ ਨਿਗਰਾਨੀ ਹੇਠ ਸੰਪੰਨ ਹੋਈ।

ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਗੁਰੂ ਰਾਮਦਾਸ ਨਗਰ ਨਿਵਾਸੀ ਵਰਿੰਦਰ ਸਿੰਘ ਦੇ ਪਰਿਵਾਰ ਨੂੰ ਬਿਲਡਿੰਗ ਬ੍ਰਾਂਚ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਮਕਾਨ ਨਾਲ ਸੰਬੰਧਿਤ ਦਸਤਾਵੇਜ਼ ਬ੍ਰਾਂਚ ਅੱਗੇ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ ਲਈ ਤਿੰਨ ਦਿਨਾਂ ਦਾ ਸਮਾਂ ਵੀ ਦਿੱਤਾ ਗਿਆ ਸੀ, ਪਰ ਨੋਟਿਸ ਨੂੰ ਅਣਡਿੱਠਾ ਕਰਨ ਕਾਰਨ ਸ਼ਨੀਵਾਰ ਨੂੰ ਕਾਨੂੰਨ ਅਨੁਸਾਰ ਪੁਲਿਸ ਦੀ ਮਦਦ ਨਾਲ ਗੈਰਕਾਨੂੰਨੀ ਤੌਰ 'ਤੇ ਬਣੇ ਮਕਾਨ 'ਤੇ ਬੁਲਡੋਜ਼ਰ ਚਲਾ ਕੇ ਕਾਰਵਾਈ ਕੀਤੀ ਗਈ ਹੈ।

ਐਸ ਪੀ ਡੀ ਬਾਲਕਿਸ਼ਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਮਕਾਨ 'ਤੇ ਕਾਰਵਾਈ ਹੋਈ ਹੈ, ਉਸ ਵਿੱਚ ਰਹਿਣ ਵਾਲੇ ਦੋ ਭਰਾਵਾਂ ਵਿੱਚੋਂ ਵਰਿੰਦਰ ਸਿੰਘ ਖ਼ਿਲਾਫ਼ 12 ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਦੂਜੇ ਭਰਾ ਸਿਕੰਦਰ ਸਿੰਘ ਖ਼ਿਲਾਫ਼ 18 ਅਪਰਾਧਿਕ ਮਾਮਲੇ ਦਰਜ ਹਨ। ਦੋਵੇਂ ਭਰਾਵਾਂ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਸ਼ਰਾਬ ਤਸਕਰੀ ਨਾਲ ਸੰਬੰਧਿਤ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸਿਕੰਦਰ ਸਿੰਘ ਜੇਲ੍ਹ ਵਿੱਚ ਬੰਦ ਹੈ ਅਤੇ ਵਰਿੰਦਰ ਸਿੰਘ ਫਰਾਰ ਹੈ।