ਚਮਕੌਰ ਸਾਹਿਬ, 25 ਅਕਤੂਬਰ (ਜਸ਼ਨ )
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਥਕ ਏਕਤਾ ਦੇ ਬਹਾਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲਿੱਲੜੀਆਂ ਕੱਢਣ ਵਾਲੀ ਸਿਆਸਤ ਕਰਨ ਵਾਲੇ ਆਗੂਆਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਸਿੱਖ ਸਿਆਸਤ ਹਮੇਸ਼ਾ ਉਦੋਂ ਹੀ ਸਫਲ ਹੋਈ ਹੈ ਜਦੋਂ ਦ੍ਰਿੜਤਾ ਪੂਰਵਕ ਰਹਿੰਦਿਆਂ ਹੋਇਆਂ ਇੱਕ ਸੰਕਲਪ ਦੀ ਰਾਜਨੀਤੀ ਕਰਦਿਆਂ ਆਪਣੇ ਪੰਥ ਅਤੇ ਪੰਜਾਬ ਦੇ ਭਲੇ ਲਈ ਠੋਸ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਏਕਤਾ ਹਰ ਕੋਈ ਲੋਚਦਾ ਹੈ ਪਰ ਜਿੰਨ੍ਹਾਂ ਲੋਕਾਂ ਨਾਲ ਏਕਤਾ ਦੀਆਂ ਗੱਲਾਂ ਕਰਨ ਦੇ ਬਹਾਨੇ ਆਪਣਾ ਭਵਿੱਖ ਤਲਾਸ਼ਣ ਵਾਲੇ ਆਗੂ ਵਿੰਗੇ -ਟੇਢੇ ਤਰੀਕੇ ਨਾਲ ਪੰਥਕ ਏਕਤਾ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਉੱਪਰ ਲੰਮੇ ਸਮੇਂ ਤੋਂ ਕਬਜ਼ਾ ਜਮਾਈ ਬੈਠੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਮੂਲ ਪੰਥਕ ਸਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਸ੍ਰੀ ਪੀਰਮੁਹੰਮਦ ਨੇ ਦੋਸ਼ ਲਾਇਆ ਕਿ ਟਕਸਾਲੀ ਅਕਾਲੀ ਆਗੂਆਂ ਨੂੰ ਇੱਕ-ਇੱਕ ਕਰਕੇ ਪੰਥਕ ਧਾਰਾ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਕਾਂਗਰਸੀਆਂ, ਭਾਜਪਾਈਆਂ, ਆਮ ਆਦਮੀ ਪਾਰਟੀ ਅਤੇ ਹੋਰ ਪੰਥ ਵਿਰੋਧੀ ਸੋਚ ਵਾਲੇ ਲੋਕਾਂ ਨੂੰ ਤਰਜੀਹ ਦੇਣੀ ਬਾਦਲ ਦਲ ਦੀ ਕਾਰਪੋਰੇਟ ਨੀਤੀ ਦਾ ਮੁੱਖ ਹਿੱਸਾ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਸ਼ਿਕਾਰੀ ਵਾਂਗ ਹਮੇਸ਼ਾ ਇਸ ਤਲਾਸ਼ ਵਿੱਚ ਰਹਿੰਦੇ ਹਨ ਕਿ ਕੋਈ ਵੀ ਕਾਰਪੋਰੇਟ ਘਰਾਣੇ ਨਾਲ ਜੁੜਿਆ ਹੋਇਆ ਧਨਾਢ ਵਿਅਕਤੀ ਉਨ੍ਹਾਂ ਦੀ ਜਥੇਬੰਦੀ ਦਾ ਕਿਸੇ ਨਾ ਕਿਸੇ ਹਲਕੇ ਤੋਂ ਨੁਮਾਇੰਦਾ ਬਣ ਜਾਵੇ। ਇਸ ਦੀਆਂ ਅਨੇਕਾਂ ਪ੍ਰਤੱਖ ਮਿਸਾਲਾਂ ਅੱਜ ਪੰਜਾਬ ਵਿੱਚ ਸਭ ਦੇ ਸਾਹਮਣੇ ਹਨ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਛਤਰ-ਛਾਇਆ ਹੇਠ ਹੀ ਪੰਥਕ ਏਕਤਾ ਪੂਰੀ ਸੁਹਿਰਦਤਾ ਨਾਲ ਹੋ ਸਕਦੀ ਹੈ। ਅਜਿਹੀ ਏਕਤਾ ਵਿੱਚ ਪੰਥ ਅਤੇ ਪੰਜਾਬ ਦਾ ਭਲਾ ਸਭ ਤੋਂ ਪਹਿਲਾਂ ਨਜ਼ਰ ਆਉਣਾ ਚਾਹੀਦਾ ਹੈ, ਨਾ ਕਿ ਕਿਸੇ ਦੇ ਨਿੱਜੀ ਸਿਆਸੀ ਹਿੱਤ ਲਈ।