ਅੰਮ੍ਰਿਤਸਰ , 28ਅਕਤੂਬਰ (ਜਸ਼ਨ ): ਅੰਮ੍ਰਿਤਸਰ ਇਲਾਕੇ ਵਿਚ ਸਰਪੰਚ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਾਲਤ ਤਲਖ਼ ਬਣੇ ਹੋਏ ਨੇ। ਦਰਅਸਲ ਸੋਮਵਾਰ ਰਾਤ ਨੂੰ ਅੰਮ੍ਰਿਤਸਰ ਦੇ ਪਿੰਡ ਚੀਤੇ ਕਲਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਮੌਜੂਦਾ ਮਹਿਲਾ ਸਰਪੰਚ ਪਰਮਜੀਤ ਕੌਰ ਦੇ ਪੁੱਤਰ ਤੀਰਥ ਸਿੰਘ (25) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਇਹ ਵਾਰਦਾਤ ਉਸ ਸਮੇਂ ਅੰਜਾਮ ਦਿੱਤੀ ਜਦੋਂ ਉਹ ਆਪਣੇ ਦੋਸਤ ਰਣਜੀਤ ਸਿੰਘ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ।
ਹਮਲੇ ਵਿੱਚ ਜ਼ਖਮੀ ਤੀਰਥ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ਼ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਚਾਰ ਲੋਕਾਂ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਕਿ ਉਸੇ ਪਿੰਡ ਦੇ ਦੱਸੇ ਜਾ ਰਹੇ ਨੇ । ਹਾਲਤ ਦੀ ਤਲਖੀ ਦੇਖਦੇ ਹੋਏ ਇਲਾਕੇ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।