ਰਿਪੋਰਟਰ (ਜਸ਼ਨ )
ਪੰਜਾਬੀ ਸਾਹਿਤ ਦੇ ਅਮਰ ਹਸਤਾਖ਼ਰ, 'ਬਿਰਹਾ ਦੇ ਸੁਲਤਾਨ' ਵਜੋਂ ਜਾਣੇ ਜਾਂਦੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ 90ਵਾਂ ਜਨਮ ਦਿਨ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਨਿਜੀ ਗ੍ਰਹਿ ਵਿਖੇ ਬੜੀ ਸ਼ਰਧਾ, ਭਾਵੁਕਤਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਤਸਵੀਰ 'ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।
ਇਸ ਦੌਰਾਨ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਦੀਆਂ ਲਿਖਤਾਂ ਅਤੇ ਗੀਤ ਕੇਵਲ ਪੰਜਾਬ ਵਿੱਚ ਹੀ ਨਹੀਂ, ਸਗੋਂ ਪੂਰੇ ਭਾਰਤ ਦੇਸ਼ ਦੇ ਵਿੱਚ ਬੇਹੱਦ ਮਸ਼ਹੂਰ ਹਨ। ਉਹਨਾਂ ਨੇ ਕਿਹਾ ਕਿ ਸ਼ਿਵ ਕੁਮਾਰ ਨੇ ਆਪਣੀ ਕਲਮ ਨਾਲ ਜੋ ਵੀ ਲਿਖਿਆ, ਉਸ ਵਿੱਚ ਬਿਰਹਾ ਵਿਛੋੜੇ ਦਾ ਦਰਦ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹਨਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਨੇ ਹਰ ਦਿਲ ਨੂੰ ਛੋਹਿਆ ਹੈ, ਜਿਸ ਕਰਕੇ ਅੱਜ ਵੀ ਉਹਨਾਂ ਦੇ ਲਿਖੇ ਗੀਤ ਦੇਸ਼ ਦੇ ਕੋਨੇ-ਕੋਨੇ ਵਿੱਚ ਗਾਏ ਅਤੇ ਸੁਣੇ ਜਾਂਦੇ ਹਨ।
ਪਰਿਵਾਰ ਨੇ ਅੱਗੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਪੰਜਾਬੀ ਸਾਹਿਤ ਅਤੇ ਸ਼ਾਇਰੀ ਨੂੰ ਉਹ ਉੱਚਾਈਆਂ ਦਿੱਤੀਆਂ, ਜਿਨ੍ਹਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਕਲਮ ਵਿੱਚੋਂ ਨਿਕਲਿਆ ਇੱਕ-ਇੱਕ ਲਫ਼ਜ਼ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਅੱਜ ਉਹਨਾਂ ਦੇ 90ਵੇਂ ਜਨਮਦਿਨ 'ਤੇ ਪਰਿਵਾਰ ਸਮੇਤ ਪੂਰੀ ਦੁਨੀਆ ਵਿੱਚ ਵਸਦੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀਆਂ ਅਮਰ ਰਚਨਾਵਾਂ ਨੂੰ ਯਾਦ ਕਰਕੇ ਉਹਨਾਂ ਨੂੰ ਸਿਜਦਾ ਕਰ ਰਹੇ ਹਨ।




