ਲੁਧਿਆਣਾ , 28 ਅਕਤੂਬਰ (ਜਸ਼ਨ ) ਉੱਘੇ ਲੇਖਕ ਗੁਰਭਜਨ ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਹੀ ਸਵੇਰ ਦੇ ਸੰਪਾਦਕ ਡਾ. ਗੁਰਚਰਨ ਗਾਂਧੀ ਨਹੀਂ ਰਹੇ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਅਨੇਕਾਂ ਹੀ ਪੰਜਾਬੀ ਸਾਹਿਤਕ ਸਾਹਿਤਕਾਰਾਂ ਲੇਖਕ ਕਵੀਆਂ ਦੇ ਰਾਹ ਦਸੇਰਾ ਸਨ। ਨਵੇਂ ਕਹਾਣੀਕਾਰਾਂ, ਕਵੀਆਂ ਅਤੇ ਗ਼ਜ਼ਲਕਾਰਾਂ ਨੂੰ ਮੰਚ ਦੇਣ ਵਾਲੀ ਸ਼ਖ਼ਸੀਅਤ ਵਜੋਂ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ।
ਪੰਜਾਬੀ ਸਾਹਿਤ ਦੇ ਸਿਰਮੌਰ ਪ੍ਰੇਮੀਆਂ ਵਿੱਚੋਂ ਇੱਕ ਡਾ. ਗੁਰਚਰਨ ਗਾਂਧੀ ਦੇ ਅਕਾਲ ਚਲਾਣੇ ਦੀ ਖ਼ਬਰ ਬੇਹੱਦ ਦੁਖਦਾਈ ਹੈ। ਉਨ੍ਹਾਂ ਦੇ ਵਿਛੋੜੇ ਨਾਲ਼ ਪੰਜਾਬੀ ਸਾਹਿਤਕ ਜਗਤ ਨੇ ਇੱਕ ਅਜਿਹੀ ਸ਼ਖ਼ਸੀਅਤ ਗੁਆ ਲਈ ਹੈ, ਜਿਸ ਨੇ ਆਪਣਾ ਜੀਵਨ ਪੰਜਾਬੀ ਭਾਸ਼ਾ, ਸਾਹਿਤ ਅਤੇ ਲੋਕ-ਪੱਖੀ ਸੋਚ ਦੇ ਲੇਖੇ ਲਾਇਆ। ਉਨ੍ਹਾਂ ਦਾ ਜਾਣਾ ਸਿਰਫ਼ ਇੱਕ ਵਿਅਕਤੀ ਦਾ ਵਿਛੋੜਾ ਨਹੀਂ, ਸਗੋਂ ਪੰਜਾਬੀ ਸਾਹਿਤ ਦੀ ਉਸ ਪਰੰਪਰਾ ਲਈ ਵੀ ਵੱਡਾ ਘਾਟਾ ਹੈ, ਜਿਹੜੀ ਨਵੀਆਂ ਪ੍ਰਤਿਭਾਵਾਂ ਨੂੰ ਪਛਾਣਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਵਿਸ਼ਵਾਸ ਰੱਖਦੀ ਹੈ।
ਉਨ੍ਹਾਂ ਦਾ ਵੱਡਾ ਭਰਾ ਅਨੂਪ ਸ਼ਰਨ ਕਾਦਿਆਨੀ ਵੀ ਕਮਾਲ ਦਾ ਕਵੀ ਸੀ। ਉਨ੍ਹਾਂ ਰਾਹੀਂ ਹੀ ਲਗਪਗ ਦੋ ਦਹਾਕੇ ਪਹਿਲਾਂ ਮੇਰੀ ਗਾਂਧੀ ਜੀ ਨਾਲ ਮੁਲਾਕਾਤ ਹੋਈ।
ਡਾ. ਗੁਰਚਰਨ ਗਾਂਧੀ ਦਾ ਪੰਜਾਬੀ ਸਾਹਿਤ ਨਾਲ਼ ਰਿਸ਼ਤਾ ਮਹਿਜ਼ ਰਸਮੀ ਨਹੀਂ ਸੀ, ਸਗੋਂ ਇਹ ਡੂੰਘੇ ਪਿਆਰ, ਸਮਰਪਣ ਅਤੇ ਵਚਨਬੱਧਤਾ ਦਾ ਰਿਸ਼ਤਾ ਸੀ। ਉਨ੍ਹਾਂ ਨੇ ਸਾਹਿਤ ਨੂੰ ਸਿਰਫ਼ ਪੜ੍ਹਨ ਜਾਂ ਪੜ੍ਹਾਉਣ ਦੀ ਵਸਤੂ ਨਹੀਂ ਸਮਝਿਆ, ਬਲਕਿ ਇਸ ਨੂੰ ਸਮਾਜਿਕ ਚੇਤਨਾ, ਲੋਕ-ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਦਾ ਮਹੱਤਵਪੂਰਨ ਮਾਧਿਅਮ ਮੰਨਿਆ।
ਉਹ ਕਾਮਰੇਡ ਭਾਨ ਸਿੰਘ ਭੌਰਾ ਦੀ ਜੀਵਨ ਸਾਥਣ ਸ਼੍ਰੀਮਤੀ ਕੁਸ਼ਲ ਭੌਰਾ ਦੀ ਸਰਪ੍ਰਸਤੀ ਅਧੀਨ ਮੈਗਜ਼ੀਨ ਚਲਾਉਂਦੇ ਸਨ।
ਗੁਰਭਜਨ ਗਿੱਲ ਆਖਦੇ ਨੇ ਕਿ ਕੁਝ ਮਹੀਨੇ ਪਹਿਲਾਂ ਉਹ ਮੈਨੂੰ ਮਿਲ ਕੇ ਗਏ ਸਨ। ਉਨ੍ਹਾਂ ਦੇ ਵਿਛੋੜੇ ਦੀ ਦੁਖਦਾਈ ਖ਼ਬਰ ਸੁਣ ਕੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਰਹੇ।
ਮੈਂ ਉਨ੍ਹਾਂ ਦੀ ਯਾਦ ਵਿੱਚ ਸਿਰ ਝੁਕਾਉਂਦਾ ਹਾਂ।