ਡੀ.ਐਸ.ਪੀ. ਵੱਲੋਂ ਜਲਦ ਕਾਤਿਲਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ
ਮੋਗਾ, 19 ਜੂਨ (ਜਸ਼ਨ ) ਮੋਗਾ ਜ਼ਿਲੇ ਦੇ ਪਿੰਡ ਸੁਖਾਨੰਦ ਵਿਚ 17 ਜੂਨ ਦੀ ਰਾਤ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਚੀਦਾ ਨਿਵਾਸੀ ਜਸਕਰਨ ਸਿੰਘ ਗੱਗੂ ਮੱਲੀ (27) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਸਮਾਲਸਰ ਪੁਲਸ ਵੱਲੋਂ ਅਮਨਦੀਪ ਸਿੰਘ ਅਮਨਾ ਨਿਵਾਸੀ ਪਿੰਡ ਸੁਖਾਨੰਦ, ਉਸ ਦੀ ਪਤਨੀ ਗੁਰਪ੍ਰੀਤ ਕੌਰ, ਉਸ ਦੇ ਪੁੱਤਰ ਮਨਿੰਦਰ ਸਿੰਘ ਸਮੇਤ ਕੁਝ ਹੋਰਾਂ ਖਿਲਾਫ ਹੱਤਿਆ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਪਿੰਡ ਦੇ ਲੋਕਾਂ ਵੱਲੋਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਨਾਲ ਲੈ ਕੇ ਹਤਿਆਰਿਆਂ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਚੀਦਾ ਵਿੱਚ ਰੋਸ ਭਰਿਆ ਧਰਨਾ ਲਗਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦ ਤੱਕ ਹੱਤਿਆ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਤਦ ਤੱਕ ਜਸਕਰਨ ਸਿੰਘ ਗੱਗੂ ਮੱਲੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਗੁਰਦੁਆਰਾ ਸਾਹਿਬ ਤੋਂ ਵੀ ਐਲਾਨ ਕਰਵਾਇਆ ਗਿਆ ਕਿ ਜੇਕਰ ਕਾਤਿਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਾਰੇ ਲੋਕ ਪਿੰਡ ਠੱਠੀਭਾਈ ਦੇ ਅੱਡੇ ’ਤੇ ਵੱਡਾ ਧਰਨਾ ਦੇਣਗੇ। ਲੋਕਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਖਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਕਿਯੂ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਕਾਲੇਕੇ, ਬਲਾਕ ਪ੍ਰਧਾਨ ਰਵੀ ਮੌੜ ਨੌਆਬਾਦ, ਪੰਥਕ ਆਗੂ ਭਾਈ ਰੂਪਿੰਦਰ ਸਿੰਘ ਪੰਜਗਰਾਈ, ਕਿਸਾਨ ਆਗੂ ਗੁਰਤੀਰ ਸਿੰਘ ਚੀਦਾ, ਕਾਂਗਰਸ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੀਦਾ ਅਤੇ ਸਰਪੰਚ ਨਾਹਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਮਹਿਲਾਵਾਂ ਹਾਜ਼ਰ ਸਨ। ਧਰਨੇ ਦੀ ਜਾਣਕਾਰੀ ਮਿਲਣ ’ਤੇ ਡੀ.ਐਸ.ਪੀ. ਬਾਘਾ ਪੁਰਾਣਾ ਜਸਬਿੰਦਰ ਸਿੰਘ ਖਹਿਰਾ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਹੱਤਿਆ ਮਾਮਲੇ ਵਿਚ ਸ਼ਾਮਲ ਕਥਿਤ ਮੁਲਜਮਾਂ ਨੂੰ ਕਾਬੂ ਕਰਨ ਦੇ ਲਈ 7 ਵੱਖ ਵੱਖ ਟੀਮਾਂ ਦਾ ਗਠਨਕੀਤਾ ਗਿਆ ਹੈ, ਜੋ ਉਨਾਂ ਦੀ ਤਲਾਸ਼ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਹੱਤਿਆ ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਭੜਕਾਹਟ ਵਿਚ ਨਾ ਆਉਣ, ਜਲਦ ਹੀ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ।